ਡੀ ਸੀ ਵੱਲੋਂ ਡੇਰਾਬੱਸੀ ਖੇਤਰ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਤੱਥਾਂ ਦੀ ਪੜਤਾਲ ਕਰਨ ਦੇ ਹੁਕਮ

Politics Punjab S.A.S Nagar

ਐਸ.ਏ.ਐਸ.ਨਗਰ, 21 ਅਕਤੂਬਰ, 2024:
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਡੇਰਾਬੱਸੀ ਖੇਤਰ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਤੱਥਾਂ ਦੀ ਪੜਤਾਲ ਕਰਨ ਲਈ ਆਖਿਆ। ਨੋਡਲ ਅਫ਼ਸਰਾਂ ਦੀ ਸਮੀਖਿਆ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਕਿਸਾਨਾਂ ਨੇ ਕਿਸ ਕਾਰਨ ਪਰਾਲੀ ਨੂੰ ਅੱਗ ਲਗਾਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 26 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਛੇ ਕੇਸ ਹੀ ਸਹੀ ਪਾਏ ਗਏ ਹਨ ਜਿਨ੍ਹਾਂ ਵਿੱਚ ਜਮੀਨ ‘ਤੇ ਸੜਨ ਦੇ ਨਿਸ਼ਾਨ ਹਨ। ਸਾਰੇ ਛੇ ਮਾਮਲੇ ਡੇਰਾਬੱਸੀ ਖੇਤਰ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਮੁੱਖ ਖੇਤੀਬਾੜੀ ਅਫ਼ਸਰ ਬੁਧਵਾਰ ਤੱਕ  ਤਫ਼ਸੀਲ ਸਹਿਤ ਰਿਪੋਰਟ ਪੇਸ਼ ਕਰਨਗੇ। ਇਹਨਾਂ ਵੇਰਵਿਆਂ ਵਿੱਚ ਹਰੇਕ ਕੇਸ ਵਿੱਚ ਝੋਨੇ ਹੇਠਲਾ ਰਕਬਾ, ਉਪਲਬਧ ਮਸ਼ੀਨਰੀ, ਅੱਗ ਲੱਗਣ ਦੇ ਕਾਰਨ ਆਦਿ ਸ਼ਾਮਲ ਹੋਣੇ ਚਾਹੀਦੇ ਹਨ ਤਾਂ ਜੋ ਇੱਕ ਵਿਸ਼ਲੇਸ਼ਣ ਰਿਪੋਰਟ ਤਿਆਰ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਘਟਨਾਵਾਂ ਦੇ ਵੇਰਵੇ ਵੀ ਸਬੂਤਾਂ ਸਮੇਤ ਪੇਸ਼ ਕਰਨ ਜਿੱਥੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੀ ਦਿੱਤੀ ਗਈ ਰਿਪੋਰਟ ਅਨੁਸਾਰ ਪਰਾਲੀ ਨੂੰ ਅੱਗ ਲਾਉਣ ਦੀ ਘਟਨਾ ਜ਼ਮੀਨ ‘ਤੇ ਨਹੀਂ ਪਾਈ ਗਈ। ਉਸ ਨੇ ਕਿਹਾ ਕਿ ਘਟਨਾਵਾਂ ਦੀ ਗਿਣਤੀ ਜ਼ਿਆਦਾ ਹੈ ਪਰ ਜਦੋਂ ਟੀਮਾਂ ਮੌਕੇ ‘ਤੇ ਪਹੁੰਚੀਆਂ ਤਾਂ ਸੜਨ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ।
ਉਨ੍ਹਾਂ ਨੇ ਨੋਡਲ ਅਫਸਰਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਮਸ਼ੀਨਰੀ ਦੀ ਉਪਲਬਧਤਾ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਖੇਤਾਂ ਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਤੁਰੰਤ ਕਾਰਵਾਈ ਕਰਨ ਲਈ ਸਾਵਧਾਨ ਰਹਿਣ ਅਤੇ ਵਧੇਰੇ ਧਿਆਨ ਦੇਣ ਲਈ ਸੁਚੇਤ ਕੀਤਾ।
ਮੀਟਿੰਗ ਵਿੱਚ ਏ ਡੀ ਸੀ ਵਿਰਾਜ ਐਸ ਤਿੜਕੇ ਅਤੇ ਸੋਨਮ ਚੌਧਰੀ, ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ, ਐਸ.ਡੀ.ਐਮਜ਼ ਗੁਰਮੰਦਰ ਸਿੰਘ ਅਤੇ ਦਮਨਦੀਪ ਕੌਰ, ਏ.ਸੀ.(ਜ) ਡਾ. ਅੰਕਿਤਾ ਕਾਂਸਲ, ਤਹਿਸੀਲਦਾਰ ਡੇਰਾਬਸੀ ਬੀਰਕਰਨ ਸਿੰਘ, ਡੀ.ਆਰ. ਸਹਿਕਾਰੀ ਸਭਾਵਾਂ ਗੁਰਬੀਰ ਸਿੰਘ ਢਿੱਲੋਂ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਹਾਜ਼ਿਰ ਸਨ।