ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਕਤੂਬਰ 2024:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪਹਿਲੀ ਵਾਰ ਲੱਗ ਰਹੇ ਸਰਸ ਮੇਲੇ ਦੌਰਾਨ ਜਿੱਥੇ ਮੇਲੀਆਂ ਦੇ ਮੰਨੋਰੰਜਨ ਲਈ ਵੱਖ-ਵੱਖ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਦੇ ਰਹੇ ਹਨ ਉੱਥੇ ਹੀ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮਾਂ ਦੇ ਨਾਲ਼-ਨਾਲ਼ ਸਮਾਜਿਕ ਬੁਰਾਈਆਂ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਜਾਗਰੂਕਤਾ ਸੁਨੇਹੇ ਦਿੱਤੇ ਜਾ ਰਹੇ ਹਨ। ਸੱਭਿਆਚਾਰਕ ਪ੍ਰੋਗਰਾਮਾਂ ਦੀ ਦੇਖ-ਰੇਖ ਕਰ ਰਹੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਮੇਲਾ ਅਫਸਰ ਸੋਨਮ ਚੌਧਰੀ ਦੀ ਅਗਵਾਈ ਵਿੱਚ ਮੇਲੇ ਦਾ ਦੂਜਾ ਦਿਨ ‘ਸਵੱਛ ਭਾਰਤ ਅਤੇ ਸ਼ੁੱਧ ਵਾਤਾਵਰਨ’ ਨੂੰ ਸਮਰਪਿਤ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਦੇ ਸਹਿਯੋਗ ਨਾਲ਼ ਪੋਸਟਰ ਮੇਕਿੰਗ, ਕਵਿਤਾ ਉਚਾਰਨ, ਸਕਿੱਟ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਤਕਰੀਬਨ 20 ਸਕੂਲਾਂ ਨੇ ਭਾਗ ਲਿਆ। ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੇ ਇੱਕ ਖੂਬਸੂਰਤ ਕੋਰੀਓਗ੍ਰਾਫੀ ਪੇਸ਼ ਕਰਦੇ ਹੋਏ ਸਵੱਛ ਵਾਤਾਵਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਚੰਡੀਗੜ੍ਹ ਗਰੁੱਪ ਆਫ ਕਾਲਜਜ਼ ਲਾਂਡਰਾ ਦੀ ਟੀਮ ਵੱਲੋਂ ਭੰਗੜਾ ਅਤੇ ਹਰਿਆਣਵੀ ਡਾਂਸ ਪੇਸ਼ ਕੀਤਾ ਗਿਆ। ਸਰਕਾਰੀ ਗਰਲਜ਼ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਵੱਲੋਂ ਹਰਿਆਣਵੀ ਲੋਕ-ਨਾਚ ਨਾਲ਼ ਮੇਲੀਆਂ ਦਾ ਮਨੋਰੰਜਨ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦੀ ਅਗਵਾਈ ਵਿੱਚ 10 ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਮੇਲੇ ਦਾ ਆਨੰਦ ਮਾਣਿਆ ਗਿਆ। ਇਸ ਪ੍ਰੋਗਰਾਮ ਦੀ ਦੇਖ-ਰੇਖ ਨੈਸ਼ਨਲ ਐਵਾਰਡੀ ਆਰਟਿਸਟ ਗੁਰਪ੍ਰੀਤ ਸਿੰਘ ਨਾਮਧਾਰੀ, ਡਾ. ਰਮਿਤ ਵਾਸੂਦੇਵ, ਸ਼ੁਭਵੰਤ ਕੌਰ, ਸਰਕਾਰੀ ਹਾਈ ਸਕੂਲ ਸਨੇਟਾ ਕਰ ਰਹੇ ਸਨ ਅਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਰਣਜੀਤ ਸਿੰਘ ਨੇ ਨਿਭਾਈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੋਜ਼ਾਨਾ ਇੱਕ ਥੀਮ ਨੂੰ ਆਧਾਰ ਬਣਾ ਕੇ ਜਾਗਰੂਕਤਾ ਪ੍ਰੋਗਰਾਮ ਕਰਨੇ ਇਸ ਮੇਲੇ ਦਾ ਵਿਲੱਖਣ ਉਪਰਾਲਾ ਬਣੇਗਾ। ਕਲ੍ਹ ਮਹਿਲਾਵਾਂ ਦੀ ਸਿਹਤ ਸੰਭਾਲ ਤੇ ਵਿਸ਼ੇਸ਼ ਪ੍ਰੋਗਰਾਮ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਉਲੀਕਿਆ ਗਿਆ ਹੈ।