ਸਿਹਤ ਸਿੱਖਿਆ ਵਿਦਿਆਰਥੀਆਂ ਦੀ ਮੁੱਢਲੀ ਸਿੱਖਿਆ ਦਾ ਬਣੇਗੀ ਹਿੱਸਾ: ਡਾ. ਬਲਬੀਰ ਸਿੰਘ

Amritsar Politics Punjab

ਅੰਮ੍ਰਿਤਸਰ, 18 ਅਕਤੂਬਰ (): ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ 40 ਲੱਖ ਵਿਦਿਆਰਥੀਆਂ  ਵਿੱਚੋਂ 10 ਲੱਖ ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਵੈਕਟਰ ਬੋਰਨ ਡਿਸੀਜ਼ ਬਾਰੇ ਜੇਕਰ ਜਾਗਰੂਕ ਕਰ ਦਿੱਤਾ ਜਾਵੇ ਤਾਂ ਮੱਛਰ-ਮੱਖੀ ਤੋਂ ਹੋਣ ਵਾਲੀਆਂ ਬਿਮਾਰੀਆਂ ਡੇਂਗੂ, ਚਿਕਨਗੁਨੀਆ, ਮਲੇਰੀਆ ਤੇ ਡਾਇਰੀਆ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਹ ਗੱਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਛੇਹਰਟਾ ਸਥਿਤ ਸਕੂਲ ਆਫ ਐਮੀਨੈਂਸ ਵਿਖੇ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਕਰਵਾਏ ਗਏ ‘ਹਰ ਸ਼ੁਕਰਵਾਰ-ਡੇਂਗੂ ਤੇ ਵਾਰ’ ਕੰਪੇਨ ਦੇ ਦੌਰਾਨ ਕਹੇ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਸਰੀਨ, ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਉਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਉਹਨਾਂ ਨਾਲ ਮੌਜੂਦ ਸਨ।

ਇਸ ਦੌਰਾਨ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਿਹਤ ਸਿੱਖਿਆ ਵਿਦਿਆਰਥੀਆਂ ਦੀ ਸਿੱਖਿਆ ਦਾ ਹਿੱਸਾ ਬਣਾਉਣ ਜਾ ਰਹੇ ਹਨ। ਜਿਸ ਦੇ ਉੱਪਰ ਤੇਜੀ ਨਾਲ ਕੰਮ ਹੋ ਰਿਹਾ ਹੈ। ਸਿਹਤ ਵਿਭਾਗ ਵੱਲੋਂ ਹੈਲਥ ਐਜੂਕੇਸ਼ਨ, ਲਾਈਫ ਸਕਿਲਸ ਤੇ ਫਸਟ ਏਡ ਦੇ ਨਾਲ ਸੰਬੰਧਿਤ ਮੁਢਲੀ ਸਿੱਖਿਆ ਨੂੰ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਪੜਾਇਆ ਜਾਵੇਗਾ। ਜਿਸ ਦੇ ਨਾਲ ਵਿਦਿਆਰਥੀ ਹਸਪਤਾਲ ਪਹੁੰਚਣ ਤੋਂ ਪਹਿਲਾ ਮਰੀਜ਼ ਨੂੰ ਕਿਸ ਤਰ੍ਹਾਂ ਇਲਾਜ  ਕਰਨਾ ਹੈ, ਦੀ ਜਾਣਕਾਰੀ ਰੱਖਣਗੇ ਤਾਕਿ ਮਰੀਜ਼ ਦੀ ਜਾਨ ਨੂੰ ਬਚਾਇਆ ਜਾ ਸਕੇ। ਉਨਾਂ ਨੇ ਕਿਹਾ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਣੀਆ ਵਰਗੀਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਵਿਦਿਆਰਥੀਆਂ ਦੀ ਫੌਜ ਤਿਆਰ ਕੀਤੀ ਜਾਵੇਗੀ। ਇਸ ਨਾਲ ਸਾਡਾ ਸੰਦੇਸ਼ ਹਰ ਘਰ, ਹਰ ਗਲੀ, ਹਰ ਮੁਹੱਲੇ ਤੱਕ ਪਹੁੰਚ ਜਾਏਗਾ। ਇਹ ਇੱਕ ਲੰਮੀ ਅਪਰੋਚ ਹੈ ਲੇਕਿਨ ਅਸੀਂ ਇਸ ਨੂੰ ਸੁਚਾਰੂ ਢੰਗ ਨਾਲ ਬਾਕੀ ਮਹਿਕਮਿਆਂ ਦੇ ਸਹਿਯੋਗ ਨਾਲ ਕਰ ਪਾਵਾਂਗੇ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ ਇਸ ਮੁਹਿੰਮ ਨਾਲ ਵਿਦਿਆਰਥੀਆਂ ਨੂੰ ਜੋੜਿਆ ਜਾ ਰਿਹਾ ਹੈ ਕਿਉਂਕਿ ਸਿੱਖਿਆ ਹੀ ਇੱਕ ਅਜਿਹਾ ਮਾਧਿਅਮ ਹੈ ਜਿਸ ਨਾਲ ਸਥਾਈ ਅਸਰ ਦਿਖਦਾ ਹੈ ਅਤੇ ਇਹ ਪਰਮਾਨੈਂਟ ਹੁੰਦੀ ਹੈ। ਉਨਾਂ ਕਿਹਾ ਕਿ ਡੇਂਗੂ ਨੂੰ ਰੋਕਣ ਦੇ ਲਈ ਮਲਟੀ ਸੈਕਟਰਲ ਅਪਰੋਚ ਪਹਿਲੀ ਵਾਰ ਕੀਤੀ ਜਾ ਰਹੀ ਹੈ। ਜਿਸ ਵਿੱਚ ਸਿਹਤ ਵਿਭਾਗ ਦੇ ਨਾਲ ਨਾਲ ਨਗਰ ਨਿਗਮਾਂ, ਰੂਰਲ ਡਿਵੈਲਪਮੈਂਟ, ਵਾਟਰ ਐਂਡ ਸੈਨੀਸ਼ਨ, ਹਸਬੈਂਡਰੀ ਵਿਭਾਗ ਆਦਿ ਵਿਭਾਗ ਦੀ ਸਹਿਭਾਗੀਤਾ ਦੇ ਨਾਲ ਪਾਣੀ ਦੇ ਨਾਲ ਹੋਣ ਵਾਲੀ ਬਿਮਾਰੀਆਂ ਤੋਂ ਨਿਜਾਤ ਦੇ ਨਾਲ ਦੇ ਲਈ ਕੰਮ ਕੀਤਾ ਜਾਵੇਗਾ।

ਸਿਹਤ ਮੰਤਰੀ ਪੰਜਾਬ ਨੇ ਬੱਚਿਆਂ ਨੂੰ ਉਤਸਾਹਿਤ ਕਰਦਿਆਂ ਹੋਇਆ ਕਿਹਾ ਕਿ ਜੋ ਬੱਚਾ ਲਾਰਵਾ ਲੱਭੇਗਾ ਉਸਨੂੰ ਸਕੂਲ ਵੱਲੋਂ ਇੱਕ ਨੰਬਰ ਵੱਧ ਦਿੱਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਸ਼ੁਕਰਵਾਰ ਨੂੰ ਇੱਕ ਘੰਟਾ ਲਗਾ ਕੇ ਘਰ ਦੇ ਵਿੱਚੋਂ ਡੇਂਗੂ ਦੇ ਲਾਰਵੇ ਨੂੰ ਕੱਢਣ ਦੇ ਲਈ ਖੜੇ ਪਾਣੀ, ਫਰਿੱਜ ਪਿੱਛੇ ਦੀਆਂ ਟਰੇਆਂ, ਕੂਲਰਾਂ ਨੂੰ ਸਾਫ ਰੱਖਣ ਆਦਿ ਦੇ ਲਈ ਕੰਮ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਡੇਂਗੂ ਦਾ ਮਰੀਜ਼ ਲੱਭਦਾ ਹੈ ਤਾਂ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਦੇ ਵਿੱਚ ਉਹਨਾਂ ਦੇ ਲਈ ਦਵਾਵਾਂ ਅਤੇ ਟੈਸਟ ਫਰੀ ਹਨ। ਇਸਦਾ ਇਲਾਜ ਲਈ ਜਿਲਾ ਹਸਪਤਾਲ ਅਤੇ ਮੈਡੀਕਲ ਕਾਲਜ ਦੀ ਵੀ ਸੁਵਿਧਾ ਲੈ ਸਕਦੇ ਹਨ। ਉਨਾਂ ਆਸ਼ਾ ਵਰਕਰਾਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਡੇਂਗੂ ਦੇ ਬਾਰੇ ਦੱਸਣ ਅਤੇ ਜਿਹੜੇ ਇਲਾਕੇ ਦੇ ਵਿੱਚ ਉਹ ਤੈਨਾਤ ਹਨ ਉਸ ਨੂੰ ਡੇਂਗੂ ਮੁਕਤ ਕਰਨ ਅਤੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਉਹਨਾਂ ਨੇ ਨਰਸਿੰਗ ਦੇ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕੀਤਾ। ਇਸ ਦੌਰਾਨ ਉਨਾਂ ਵੱਲੋਂ ਡੇਂਗੂ ਮੁਕਤ ਕਰਨ ਦੇ ਲਈ ਫੋਗਿੰਗ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਵੱਲੋਂ ਡੇਂਗੂ ਦੇ ਨਾਲ ਸੰਬੰਧਿਤ ਨਾਟਕ ਪੇਸ਼ ਕਰ ਡੇਂਗੂ ਨੂੰ ਖਤਮ ਕਰਨ ਦੀ ਪ੍ਰੇਰਨਾ ਦਿੱਤੀ ਗਈ।

ਇਸ ਤੋਂ ਬਾਅਦ ਉਹਨਾਂ ਵੱਲੋਂ ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਮੌਜੂਦ ਸਟਾਫ ਨੂੰ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਦੇ ਨਾਲ ਜੁੜਨ ਦਾ ਸੱਦਾ ਦਿੰਦੇ ਹੋਏ ਪੂਰੇ ਪ੍ਰਦੇਸ਼ ਨੂੰ ਡੇਂਗੂ ਮੁਕਤ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰਪਾਲ ਕੌਰ, ਜਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਹਰਭਗਵੰਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੀਤ ਕੌਰ, ਜਿਲਾ ਪਰਿਵਾਰ ਭਲਾਈ ਅਫ਼ਸਰ ਡਾ. ਨੀਲਮ ਭਗਤ, ਜਿਲਾ ਸਿਹਤ ਅਫ਼ਸਰ ਡਾ. ਜਸਪਾਲ ਸਿੰਘ, ਜਿਲਾ ਟੀਕਾਕਰਨ ਅਫ਼ਸਰ ਡਾ. ਭਾਰਤੀ ਧਵਨ, ਜਿਲਾ ਐਪੀਡੀਮੋਲੋਜਿਸਟ ਡਾ. ਹਰਜੋਤ ਕੌਰ, ਪ੍ਰਿੰਸੀਪਲ ਮਨਮੀਤ ਕੌਰ, ਡੀ.ਐਮ.ਈ.ਆਈ.ਓ ਅਮਰਦੀਪ ਸਿੰਘ, ਡਾ. ਰਾਘਵ ਗੁਪਤਾ ਆਦਿ ਹਾਜ਼ਰ ਸਨ।