ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਅਕਤੂਬਰ:
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਅੱਜ ਖਾਲਸਾ ਕਾਲਜ, ਫ਼ੇਜ਼ 3 (ਏ), ਮੋਹਾਲੀ ਵਿਖੇ ਜ਼ਿਲ੍ਹੇ ਨਾਲ ਸਬੰਧਿਤ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਬਾਲ ਸਾਹਿਤ ਕੁਇਜ਼ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਲਈ ਤਿਆਰੀ ਕਰਵਾ ਕੇ ਭੇਜਣ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।
ਕੁਇਜ਼ ਮੁਕਾਬਲਿਆਂ ਦੇ ਨਿਯਮਾਂ ਅਨੁਸਾਰ ਇਹ ਮੁਕਾਬਲੇ ਲਿਖਤੀ ਕਰਵਾਏ ਗਏ ਅਤੇ ਇਹਨਾਂ ਲਈ ਇੱਕ ਘੰਟਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ, ਧਰਮ, ਸ਼ਖਸੀਅਤਾਂ, ਸੱਭਿਆਚਾਰਕ, ਇਤਿਹਾਸ ਅਤੇ ਭੂਗੋਲ ਨਾਲ ਸਬੰਧਿਤ ਕੁੱਲ 100 ਪ੍ਰਸ਼ਨ ਪੁੱਛੇ ਗਏ ਤੇ ਪ੍ਰਸ਼ਨ ਪੱਤਰ ਦੇ ਕੁੱਲ ਅੰਕ 400 ਸਨ।
ਕੁਇਜ਼ ਮੁਕਾਬਲਿਆਂ ਦੇ ਨਤੀਜਿਆਂ ਬਾਬਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਦੱਸਿਆ ਗਿਆ ਕਿ ਵਰਗ ‘ੳ’ (ਛੇਵੀਂ ਤੋਂ ਅੱਠਵੀਂ) ਵਿੱਚ ਪਹਿਲਾ ਸਥਾਨ ਆਰਵ ਸ਼ਰਮਾ (ਸੇਂਟ ਜੋਸਫ਼ ਸਕੂਲ, ਮਨੋਲੀ ਸੂਰਤ), ਦੂਜਾ ਸਥਾਨ ਇਸ਼ਮਨ ਕੌਰ (ਸ਼ਿਵਾਲਿਕ ਪਬਲਿਕ ਸਕੂਲ -56, ਮੋਹਾਲੀ ) ਅਤੇ ਤੀਜਾ ਸਥਾਨ ਖੁਸ਼ਨੀਤ ਕੌਰ (ਸੰਤ ਈਸ਼ਰ ਸਿੰਘ ਪਬਲਿਕ ਸਕੂਲ-7, ਮੋਹਾਲੀ) ਨੇ ਪ੍ਰਾਪਤ ਕੀਤਾ। ਇਸੇ ਪ੍ਰਕਾਰ ਵਰਗ ‘ਅ’ (ਨੌਵੀਂ ਤੋਂ ਬਾਰ੍ਹਵੀਂ) ਵਿੱਚ ਪਹਿਲਾ ਸਥਾਨ ਰਜਨਦੀਪ ਕੌਰ (ਸਕੂਲ ਆਫ਼ ਐਮੀਨੈਂਸ, ਖਰੜ), ਦੂਜਾ ਸਥਾਨ ਹਰਨਵਰੂਪ ਕੌਰ (ਸ਼ਿਵਾਲਿਕ ਪਬਲਿਕ ਸਕੂਲ -56, ਮੋਹਾਲੀ) ਅਤੇ ਤੀਜਾ ਸਥਾਨ ਨਵਜੋਤ ਕੌਰ (ਸ.ਹ.ਸ.ਗੜਾਂਗਾ) ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ‘ੲ’ ਵਰਗ (ਗ੍ਰੈਜੂਏਸ਼ਨ) ਵਿੱਚੋਂ ਪਹਿਲਾ ਸਥਾਨ ਮਨਪ੍ਰੀਤ ਕੌਰ (ਸਰਕਾਰੀ ਕਾਲਜ, ਡੇਰਾਬਸੀ), ਦੂਜਾ ਸਥਾਨ ਚਰਨਪ੍ਰੀਤ ਕੌਰ (ਸ਼ਹੀਦ ਕਾਂਸ਼ੀ ਰਾਮ ਮੈਮੋ. ਕਾਲਜ, ਭਾਗੋਮਾਜਰਾ) ਅਤੇ ਤੀਜਾ ਸਥਾਨ ਹਰਪ੍ਰੀਤ ਕੌਰ (ਸ਼ਹੀਦ ਕਾਂਸ਼ੀ ਰਾਮ ਮੈਮੋ. ਕਾਲਜ, ਭਾਗੋਮਾਜਰਾ) ਨੇ ਪ੍ਰਾਪਤ ਕੀਤਾ। ਜ਼ਿਲ੍ਹੇ ਵਿੱਚੋਂ ਵੱਖ ਵੱਖ ਵਰਗਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਰਾਜ ਪੱਧਰੀ ਕੁਇਜ਼ ਮੁਕਾਬਲਿਆਂ ਵਿੱਚ ਭਾਗ ਲੈਣਗੇ।
ਇਸ ਮੌਕੇ ਸੀਨੀਅਰ ਸਹਾਇਕ ਮਨਜੀਤ ਸਿੰਘ ਅਤੇ ਸਮੂਹ ਸਟੈਨੋਗ੍ਰਾਫ਼ੀ ਵਿਦਿਆਰਥੀ ਵੀ ਮੌਜੂਦ ਸਨ। ਇਹਨਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਖਾਲਸਾ ਕਾਲਜ, ਮੋਹਾਲੀ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।