ਫ਼ਰੀਦਕੋਟ: 17 ਅਕਤੂਬਰ 2024 ( )
ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਸੰਭਾਲ ਕੇ ਕਣਕ ਦੀ ਬਿਜਾਈ ਕਰਨ ਨਾਲ ਝੋਨੇ ਦੀ ਪਰਾਲੀ , ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ,ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਕਰਨ,ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ,ਰਸਾਇਣਕ ਖਾਦਾਂ ਤੇ ਨਿਰਭਰਤਾ ਘਟਾਉਣ ਅਤੇ ਚਿਰ ਸਥਾਈ ( ਹੰਢਣਸਾਰ ਖੇਤੀ ) ਖੇਤੀ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ । ਝੋਨੇ ਦੀ ਪਰਾਲੀ ਦੀ ਖੇਤ ਵਿਚ ਅਤੇ ਖੇਤ ਤੋਂ ਬਾਹਰ ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਕਟਾਈ ਉਪਰੰਤ ਪੈਦਾ ਹੋਈ ਪਰਾਲੀ ਕਿਸਾਨ ਆਮ ਕਰਕੇ ਤਿੰਨ ਤਰੀਕਿਆਂ ਨਾਲ ਸਾਂਭਦੇ ਹਨ, ਜਿਵੇਂ ਖੇਤ ਤੋਂ ਬਾਹਰ ( ਬੇਲੀਂਗ ਕਰਕੇ ਗੱਠ ਬਣਾਉਣੀ,ਪਸ਼ੂਆਂ ਦੇ ਚਾਰੇ ਲਈ ਸਾਂਭਣੀ,ਸਬਜੀਆਂ ਦੀ ਕਾਸ਼ਤ ਵਿਚ ਮਲਚਿੰਗ ਤੌਰ ‘ਤੇ ਵਰਤੋਂ ਕਰਨੀ ਆਦਿ),ਖੇਤ ਦੇ ਅੰਦਰ ਪਰਾਲੀ ਦੀ ਸੰਭਾਲ (ਜਿਵੇਂ ਮਲਚਰ , ਉਲਟਾਵੀਹੱਲ, ਸਟਰਾਅ ਰੀਪਰ, ਹੈਪੀ ਸੀਡਰ,ਸਮਾਰਟ ਸੀਡਰ,ਸਰਫ਼ੇਸ ਸੀਡਰ ) ਦੀ ਵਰਤੋਂ ਕਰਕੇ ਜਾਂ ਅੱਗ ਲਗਾ ਕੇ ਕਣਕ ਦੀ ਬਿਜਾਈ ਕਰਦੇ ਹਨ ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਵੱਖ ਵੱਖ ਤਰਾਂ ਦੀ ਮਸੀਨਰੀ ਸਬਸਿਡੀ ਤੇ ਮੁਹੱਈਆ ਕਰਵਾਈ ਗਈ ਹੈ ਤਾਂ ਜੋਂ ਝੋਨੇ ਦੀ ਪਰਾਲੀ ਦਾ ਨਿਪਟਾਰਾ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਹ ਮਸੀਨਰੀ ਨਿੱਜੀ ਕਿਸਾਨਾਂ,ਪੰਚਾਇਤਾਂ,ਕਿਸਾਨ ਸਮੂਹਾਂ ਅਤੇ ਸਹਿਕਾਰੀ ਸਭਾਵਾਂ ਨੂੰ 50 ਤੋਂ 80 ਫੀਸਦੀ ਸਬਸਿਡੀ ਤੇ ਮੁਹੱਈਆ ਕਰਵਾਈ ਗਈ ਹੈ। ਉਨਾਂ ਦੱਸਿਆ ਕਿ ਜਿੰਨਾ ਕਿਸਾਨਾਂ ਨੇ ਨਿੱਜੀ ਪੱਧਰ ਤੇ ਸਬਸਿਡੀ ਤੇ ਖੇਤੀ ਮਸ਼ੀਨਰੀ ਦੀ ਖਰੀਦ ਕੀਤੀ ਹੈ । ਉਹ ਆਪਣੀ ਕਣਕ ਦੀ ਬਿਜਾਈ ਕਰਨ ਦੇ ਨਾਲ ਨਾਲ ਹੋਰਨਾਂ ਕਿਸਾਨਾਂ ਖਾਸ ਕਰਕੇ ਲੋੜਵੰਦ ਛੋਟੇ ਕਿਸਾਨਾਂ ਦੀ ,ਝੋਨੇ ਦੀ ਪਰਾਲੀ ਖੇਤ ਵਿਚ ਸੰਭਾਲ ਕੇ ਸੁਪਰ ,ਹੈਪੀ ਸੀਡਰ,ਸਮਾਰਟ ਸੀਡਰ,ਸ੍ਰਫੇਸ ਸੀਡਰ,ਉਲਤਾਵੇ ਹੱਲ, ਮਲੱਚਰ ਆਦਿ ਵਰਤ ਕੇ ਕਣਕ ਦੀ ਬਿਜਾਈ ਕਰਨ ਤਾਂ ਜੋਂ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਂਦਾ ਜਾ ਸਕੇ।
ਉਨਾਂ ਕਿਹਾ ਕਿ ਇਕ ਏਕੜ ਵਿੱਚੋਂ ਤਕਰੀਬਨ ਤਿੰਨ ਟਨ ਪਰਾਲੀ ਪੈਦਾ ਹੁੰਦੀ ਹੈ ਅਤੇ ਜੇਕਰ ਤਿੰਨ ਟਨ ਪਰਾਲੀ ਨੂੰ ਖੇਤ ਵਿਚ ਸੰਭਾਲਿਆ ਜਾਵੇ ਤਾਂ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਕ ਏਕੜ ਦੀ ਪਰਾਲੀ ਨੂੰ ਖੇਤਾਂ ਵਿਚ ਸੰਭਾਲਣ ਨਾਲ ਮਿੱਟੀ ਨੂੰ ਤਕਰੀਬਨ ਇੱਕ ਹਜ਼ਾਰ ਕਿਲੋ ਜੈਵਿਕ ਕਾਰਬਨ,25 ਕਿਲੋ ਨਾਈਟ੍ਰੋਜਨ, ਫਾਸਫੋਰਸ ਪੋਟਾਸ਼ ਦੇ ਨਾਲ ਨਾਲ ਹੋਰ ਛੋਟੇ ਖੁਰਾਕੀ ਤੱਤ ਵੀ ਮਿਲ ਜਾਂਦੇ ਹਨ, ਜੋਂ ਫ਼ਸਲ ਨੇ ਜ਼ਮੀਨ ਵਿਚੋਂ ਲਏ ਹੁੰਦੇ ਹਨ। ਉਨ੍ਹਾਂ ਇਸ ਗੱਲ ਤੇ ਵੀ ਚਿੰਤਾ ਪ੍ਰਗਟ ਕੀਤੀ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਮੱਕੀ ਦੀ ਫ਼ਸਲ ਬਤੌਰ ਚਾਰੇ ਵਜੋਂ ਉਗਾਉਣ ਨਾਲ ਮਿੱਟੀ ਵਿਚੋਂ ਵੱਡੀ ਪੱਧਰ ਤੇ ਖੁਰਾਕੀ ਤੱਤਾਂ ਦਾ ਰਿਸਾਵ ਹੋਣ ਦੇ ਨਾਲ ਨਾਲ ਜ਼ਮੀਨ ਹੇਠਲਾ ਪਾਣੀ ਵੀ ਵੱਡੀ ਪੱਧਰ ਤੇ ਬਰਬਾਦ ਹੋ ਰਿਹਾ ਹੈ।
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਲਗਾਤਾਰ ਖੇਤ ਵਿਚੋਂ ਬੇਲਿੰਗ ਕਰਵਾ ਕੇ ਚੁਕਾਉਣ ਅਤੇ ਗਰਮੀ ਰੁੱਤ ਵਿੱਚ ਮੱਕੀ ਦੀ ਫ਼ਸਲ ਦਾ ਅਚਾਰ ਬਣਾਉਣ ਨਾਲ ਮਿੱਟੀ ਦੀ ਉਤਪਾਦਨ ਸ਼ਕਤੀ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ ਜੋਂ ਭਵਿਖ ਦੀ ਖੇਤੀ ਲਈ ਚਿੰਤਾ ਦਾ ਵਿਸ਼ਾ ਹੈ। ਉਨਾਂ ਦੱਸਿਆ ਕਿ ਹਰੇਕ ਕਿਸਾਨ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਅਤੇ ਖੇਤ ਤੋਂ ਬਾਹਰ ਸੰਭਾਲਨ ਲਈ ਚੱਕਰ ਬਣਾ ਲੈਣਾ ਚਾਹੀਦਾ ਹੈ ਅਤੇ ਸਾਰੇ ਰਕਬੇ ਵਿਚੋਂ ਲਗਾਤਾਰ ਪਰਾਲੀ ਨਹੀਂ ਚਕਾਉਣੀ ਚਾਹੀਦੀ।
ਉਨਾਂ ਦੱਸਿਆ ਕਿ ਜੇਕਰ ਕਿਸੇ ਕਿਸਾਨ ਕੋਲ 10 ਏਕੜ ਰਕਬਾ ਹੈ ਤਾਂ ਹਰ ਸਾਲ 3-4 ਏਕੜ ਰਕਬੇ ਵਿਚੋਂ ਪਰਾਲੀ ਚੁੱਕਾ ਕੇ ਬਾਕੀ ਰਕਬੇ ਵਿਚ ਪਰਾਲੀ ਨੁੰ ਖੇਤ ਵਿਚ ਹੀ ਸੰਭਾਲ ਕਰਨ ਨੂੰ ਤਰਜੀਹ ਦੇਵੇ ਅਤੇ ਲਗਾਤਾਰ ਇੱਕੋ ਰਕਬੇ ਵਿਚੋਂ ਪਰਾਲੀ ਨਾਂ ਚੁਕਾਵੇ। ਉਨਾਂ ਕਿਹਾ ਕਿ ਅਦਲ ਬਦਲ ਕੇ ਖੇਤਾਂ ਵਿਚ ਫ਼ਸਲਾਂ ਦੀ ਰਹਿੰਦ ਖੂੰਹਦ ਦਾ ਪ੍ਰਬੰਧ ਕਰਨ ਨਾਲ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਦੇ ਨਾਲ ਨਾਲ ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ ਜੋਂ ਆਉਣ ਵਾਲ਼ੀ ਪੀੜ੍ਹੀਆਂ ਲਈ ਇਕ ਬਹੁ ਕੀਮਤੀ ਤੋਹਫ਼ੇ ਹੋਵੇਗਾ।ਉਨਾਂ ਦੱਸਿਆ ਕਿ ਝੋਨੇ ਦੀ ਪਰਾਲੀ ਜਦੋਂ ਖੇਤ ਵਿਚ ਗਲਦੀ ਹੈ ਤਾਂ ਖੁਰਾਕੀ ਤੱਤ ਹੌਲੀ ਹੌਲੀ ਫ਼ਸਲ ਨੂੰ ਮਿਲਦੇ ਹਨ ਜੋਂ ਵੱਡੇ ਅਤੇ ਸੂਖਮ ਪੌਸ਼ਟਿਕ ਤੱਤਾਂ ਦਾ ਇੱਕ ਵਿਸ਼ਾਲ ਭੰਡਾਰ ਪ੍ਰਦਾਨ ਕਰਦੇ ਹਨ। ਉਨਾਂ ਦੱਸਿਆ ਕਿ ਮਿੱਟੀ ਦੀ ਭੌਤਿਕੀ,ਰਸਾਇਣਕ ਅਤੇ ਜੈਵਿਕ ਬਣਤਰ ਵਿੱਚ ਸੁਧਾਰ ਕਰਨ ਲਈ ਜ਼ਰੂਰੀ ਹੋ ਗਿਆ ਹੈ ਕਿ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਖੇਤਾਂ ਵਿਚੋਂ ਬਾਹਰ ਕੱਢਣ ਜਾਂ ਅੱਗ ਲਗਾ ਕੇ ਸਾੜਨ ਦੀ ਬਿਜਾਏ ਖੇਤਾਂ ਵਿਚ ਹੀ ਸੰਭਾਲਿਆ ਜਾਵੇ।
ਉਨਾਂ ਦੱਸਿਆ ਕਿ ਜਿਵੇਂ ਜਿਵੇਂ ਮਿੱਟੀ ਦੇ ਭੌਤਿਕੀ,ਰਸਾਇਣਕ ਅਤੇ ਜੈਵਿਕ ਗੁਣਾਂ ਵਿਚ ਸੁਧਾਰ ਹੁੰਦਾ ਜਾਵੇਗਾ ਤਿਵੇਂ ਤਿਵੇਂ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਦੀ ਜਾਵੇਗੀ ਜੋਂ ਚਿਰਸਥਾਈ (ਹੰਢਣਸਾਰ) ਖੇਤੀ ਲਈ ਲਾਹੇਵੰਦ ਸਾਬਿਤ ਹੋਵੇਗੀ। ਉਨਾਂ ਦੱਸਿਆ ਕਿ ਪਿਛਲੇ ਦੋ ਤਿੰਨ ਸੀਜ਼ਨ ਦੌਰਾਨ ਪ੍ਰਤੀਕੂਲ ਮੌਸਮੀ ਹਾਲਾਤ ਰਹਿਣ ਦੇ ਬਾਵਜੂਦ ਕਣਕ ਅਤੇ ਝੋਨੇ ਦੀ ਪੈਦਾਵਾਰ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਸੰਭਾਲਣ ਦੇ ਉਪਰੋਕਤ ਫਾਇਦਿਆਂ ਨੂੰ ਮੁੱਖ ਰੱਖਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਓ ਬਲਕਿ ਨਿੱਜੀ ਕਿਸਾਨਾਂ,ਸਹਿਕਾਰੀ ਸਭਾਵਾਂ ,ਪੰਚਾਇਤਾਂ ਅਤੇ ਕਿਸਾਨ ਸਮੂਹਾਂ ਕੋਲ ਉਪਲਬਧ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਖੇਤਾਂ ਵਿਚ ਸੰਭਾਲ ਕੇ ਕਣਕ ਦੀ ਬਿਜਾਈ ਕੀਤੀ ਜਾਵੇ।