ਮੋਹਾਲੀ ਪ੍ਰੈਸ ਕਲੱਬ ਲਈ ਪੱਕੀ ਥਾਂ ਦੇਣ ਲਈ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਜਲਦ ਠੋਸ ਕਦਮ ਚੁੱਕੇ ਜਾਣਗੇ : ਗੁਰਮੀਤ ਸਿੰਘ ਖੁੱਡੀਆਂ

S.A.S Nagar

ਐਸ.ਏ.ਐਸ. ਨਗਰ, 9 ਅਕਤੂਬਰ :
ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਫ਼ੂਡ ਪ੍ਰਾਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਮੋਹਾਲੀ ਪ੍ਰੈਸ ਕਲੱਬ ਦੀ ਕਾਰਜਕਾਰਨੀ ਦੀ 26ਵੀਂ ਵਰ੍ਹੇਗੰਢ ਅਤੇ ਤਾਜਪੋਸ਼ੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਪ੍ਰੈਸ ਕਲੱਬ ਦੀ ਪੱਕੀ ਥਾਂ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਇਸ ਸਬੰਧੀ ਜਲਦ ਠੋਸ ਹੱਲ ਕਰਵਾਉਣ ਦਾ ਐਲਾਨ ਕੀਤਾ।
     ਅੱਜ ਇਥੇ ਸੈਕਟਰ 71 ਸਥਿਤ ਪ੍ਰਾਚੀਨ ਕਲਾ ਕੇਂਦਰ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੀਡੀਆ ਸਮਾਜ ਦਾ ਅਹਿਮ ਅੰਗ ਹੈ। ਸਮਾਜ ਵਿੱਚ ਜੋ ਵੀ ਵਾਪਰਦਾ ਹੈ, ਮੀਡੀਆ ਹੀ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ। ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਅਸਲ ਮੀਡੀਆ ਉਹ ਹੈ ਜੋ ਹਮੇਸ਼ਾ ਲੋਕਾਂ ਦੀ ਗੱਲ ਕਰਦਾ ਹੈ ਅਤੇ ਸਮਾਜਿਕ ਤੇ ਧਾਰਮਿਕ ਵੰਡੀਆਂ ਤੋਂ ਪਰਹੇਜ਼ ਕਰਦਾ ਹੈ।
     ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਮੀਡੀਆ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੇ ਹੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ, ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਹੋਰ ਵੀ ਅਹਿਮ ਅਤੇ ਵੱਡੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਪ੍ਰੈੱਸ ਕਲੱਬ ਦੀ ਉਸਾਰੀ ਲਈ ਵਿਧਾਇਕ ਕੁਲਵੰਤ ਸਿੰਘ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਸਹਿਯੋਗ ਨਾਲ ਠੋਸ ਉਪਰਾਲੇ ਕੀਤੇ ਜਾਣਗੇ ਅਤੇ ਜੋ ਵੀ ਫੰਡਾਂ ਦੀ ਲੋੜ ਹੋਵੇਗੀ ਉਹ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ਦੀ ਪਛਾਣ ਅੰਤਰ ਰਾਸ਼ਟਰੀ ਪੱਧਰ ਦੀ ਬਣ ਗਈ ਹੈ, ਜਿਸ ਲਈ ਇੱਥੇ ਪ੍ਰੈਸ ਕਲੱਬ ਦੀ ਇਮਾਰਤ ਲਈ ਯਤਨ ਕੀਤੇ ਜਾਣਗੇ।
     ਵਿਧਾਇਕ ਕੁਲਵੰਤ ਸਿੰਘ ਨੇ ਇਸ ਮੌਕੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੱਤਰਕਾਰ ਸਮਾਜ ਅਤੇ ਲੋਕਤੰਤਰ ਦੇ ਅਹਿਮ ਅੰਗ ਹਨ। ਉਨ੍ਹਾਂ ਕਲੱਬ ਦੀ ਮੰਗ ਦੀ ਪ੍ਰੋੜਤਾ ਕਰਦਿਆਂ ਸੁਝਾਅ ਦਿੱਤਾ ਕਿ ਇਸ ਸਬੰਧੀ ਸਰਕਾਰ ਪੱਧਰ ਤੇ ਨਿੱਗਰ ਅਤੇ ਸਾਂਝੇ ਯਤਨ ਕਰਕੇ ਗਮਾਡਾ ਤੋਂ ਢੁਕਵੀਂ ਜ਼ਮੀਨ ਹਾਸਲ ਕੀਤੀ ਜਾ ਸਕਦੀ ਹੈ।
     ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੀਡੀਆ ਦੀ ਇਸ ਮੰਗ ਦਾ ਉਹ ਵੀ ਸਮਰਥਨ ਕਰਦੇ ਹਨ ਅਤੇ ਸਾਂਝੇ ਯਤਨਾਂ ਤਹਿਤ ਉਹ ਵੀ ਕਲੱਬ ਨਾਲ ਸਹਿਯੋਗ ਕਰਨਗੇ।
     ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਗਵਰਨਿੰਗ ਬਾਡੀ ਟੀਮ ਵਿੱਚ ਸੁਖਦੇਵ ਸਿੰਘ ਪਟਵਾਰੀ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਜਨਰਲ ਸਕੱਤਰ, ਸੁਸ਼ੀਲ ਗਰਚਾ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਚਾਨਾ ਖ਼ਜ਼ਾਨਚੀ, ਧਰਮ ਸਿੰਘ ਤੇ ਰਾਜੀਵ ਤਨੇਜਾ ਮੀਤ ਪ੍ਰਧਾਨ, ਨੀਲਮ ਠਾਕੁਰ ਅਤੇ ਮਾਇਆ ਰਾਮ ਸੰਯੁਕਤ ਸਕੱਤਰ, ਵਿਜੇ ਕੁਮਾਰ ਜਥੇਬੰਦਕ ਸਕੱਤਰ ਸ਼ਾਮਲ ਸਨ, ਜਿਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਤੇ ਵਧਾਈ ਦਿੱਤੀ ਗਈ। ਇਸ ਮੌਕੇ ਮੰਤਰੀ ਸ. ਖੁੱਡੀਆਂ ਵੱਲੋਂ ਸੋਵੀਨਰ ਵੀ ਜਾਰੀ ਕੀਤਾ ਗਿਆ।
      ਇਸ ਮੌਕੇ ਐੱਸ ਡੀ ਐਮ ਮੋਹਾਲੀ ਦਮਨਦੀਪ ਕੌਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਗਗਨਦੀਪ ਸਿੰਘ ਵੀ ਮੌਜੂਦ ਸਨ।