ਅੰਮ੍ਰਿਤਸਰ 7 ਅਕਤੂਬਰ 2024—
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿੱਖਿਆ ਵਿੱਚ ਹੋਰ ਕ੍ਰਾਂਤੀ ਲਿਆਉਣ ਲਈ ਵਿਸ਼ੇਸ਼ ਉਪਰਾਲੇ ਅਤੇ ਨਿਵੇਕਲੀਆਂ ਪਹਿਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵੀ ਅਹਿਮ ਉਪਰਾਲੇ ਆਰੰਭੇ ਜਾ ਰਹੇ ਹਨ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਰਕਾਰੀ ਹਾਈ ਸਕੂਲ ਭਗਤਾਂਵਾਲਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਬਲਾਕ ਦਾ ਕੀਤਾ ਉਦਘਾਟਨ ਕਰਨ ਸਮੇਂ ਕੀਤਾ। ਉਨਾਂ ਕਿਹਾ ਕਿ ਇਸ ਸਕੂਲ ਨੂੰ ਉੱਚ ਦਰਜੇ ਦਾ ਸਕੂਲ ਬਣਾਇਆ ਜਾਵੇਗਾ। ਡਾ. ਨਿੱਜਰ ਨੇ ਦੱਸਿਆ ਕਿ ਇਸ ਬਲਾਕ ਦੇ ਬਣਨ ਉਪਰੰਤ ਬੱਚਿਆਂ ਨੂੰ ਕਾਫ਼ੀ ਸਹੂਲਤ ਮਿਲੇਗੀ ਅਤੇ ਇਸ ਉਪਰੰਤ ਸਕੂਲ ਦੀ ਸਾਰੀ ਬਿਲਡਿੰਗ ਨੂੰ ਨਵਾਂ ਬਣਾਇਆ ਜਾਵੇਗਾ। ਉਨਾਂ ਦੱਸਿਆ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਅੱਗੇ ਚਲ ਕੇ ਆਪਣੀ ਜਿੰਦਗੀ ਵਿੱਚ ਕਾਮਯਾਬ ਹੋ ਸਕਣ। ਉਨਾਂ ਦੱਸਿਆ ਕਿ ਜਿਲ੍ਹੇ ਵਿੱਚ 8 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਹਨ ਜਿਥੇ ਬੱਚਿਆਂ ਨੂੰ ਮੁੱਢਲਾ ਢਾਂਚੇ ਤੋਂ ਇਲਾਵਾ, ਖੇਡ ਮੈਦਾਨ, ਕੰਪਿਊਟਰਾਈਜ਼ਡ ਸਿੱਖਿਆ ਅਤੇ ਸਕੂਲਾਂ ਵਿੱਚ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।
ਡਾ. ਨਿੱਜਰ ਨੇ ਕਿਹਾ ਕਿ ਸਾਡੀ ਸਰਕਾਰ ਨੇ ਬੱਚਿਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਰਕਾਰੀ ਅਧਿਆਪਕਾਂ ਨੂੰ ਵਿਦੇਸ਼ਾਂ ਵਿਚੋਂ ਵੀ ਟਰੇਨਿੰਗ ਦਿਵਾਈ ਹੈ ਤਾਂ ਜੋ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਵੀ ਸਮੇਂ ਦਾ ਹਾਣੀ ਬਣਾਇਆ ਜਾ ਸਕੇ।
ਹਨੂੰਮਾਨ ਮੰਦਰ ਵਿਖੇ ਹੋਏ ਨਤਮਸਤਕ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਵਿਸ਼ਵ ਪ੍ਰਸਿੱਧ ਲਗੇ ਹੋਏ ਲੰਗੂਰ ਮੇਲੇ ਦੌਰਾਨ ਸ੍ਰੀ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਏ। ਜਿਥੇ ਮੰਦਰ ਕਮੇਟੀ ਵਲੋਂ ਉਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਉਨਾਂ ਕਿਹਾ ਕਿ ਇਸ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੌਰਾਨ ਲੋਕ ਦੇਸ਼ਾਂ ਵਿਦੇਸ਼ਾਂ ਵਿੱਚੋਂ ਇਥੇ ਪੁਜਦੇ ਹਨ ਅਤੇ ਆਪਣੀ ਮਨੋਕਾਮਨਾ ਪੂਰੀ ਹੋਣ ਤੇ ਮੱਥਾ ਟੇਕਦੇ ਹਨ।
ਇਸ ਮੌਕੇ ਉਨਾਂ ਦੇ ਨਾਲ ਸ੍ਰੀ ਨਵਨੀਤ ਸ਼ਰਮਾ, ਸ੍ਰੀ ਨਰਿੰਦਰ ਮਰਵਾਹਾ, ਸ੍ਰੀ ਅਸ਼ੀਸ਼ ਕੁਮਾਰ, ਸ਼ਿਵ ਗਗਨ ਖੰਡੇਵਾਲੇ, ਸ: ਮਨਦੀਪ ਸਿੰਘ, ਸ: ਜਸਪਾਲ ਸਿੰਘ ਭੁੱਲਰ ਅਤੇ ਸਕੂਲ ਦਾ ਸਟਾਫ ਵੀ ਹਾਜ਼ਰ ਸੀ।