ਪੰਚ ਦੀ ਚੋਣ ਲੜਨ ਵਾਲੇ ਵਿਅਕਤੀਆਂ ਲਈ ਜਰੂਰੀ ਸੂਚਨਾ, ਲੋੜੀਂਦੇ ਦਸਤਾਵੇਜ ਨਾਲ ਲਗਾਉਣੇ ਹੋਣਗੇ ਜਰੂਰੀ

Fazilka Politics Punjab

ਫਾਜ਼ਿਲਕਾ, 2 ਅਕਤੂਬਰ

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ ਨੇ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਗ੍ਰਾਮ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਲਈ ਪੰਚ, ਸਰਪੰਚਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਭਰਨ ਦੇ ਚਾਹਵਾਨਾਂ ਨੂੰ ਉਹਨਾਂ ਦੀ ਸਹੂਲਤ ਲਈ ਦੱਸਿਆ ਜਾਂਦਾ ਹੈ ਕਿ ਜੇਕਰ ਉਸ ਨੇ ਪੰਚ ਦੀ ਚੋਣ ਲੜਨੀ ਹੈ ਤਾਂ ਉਹ ਪਿੰਡ ਦਾ ਵੋਟਰ ਹੋਣਾ ਜ਼ਰੂਰੀ ਹੈ ਪ੍ਰੰਤੂ ਉਸ ਵੱਲੋਂ ਭਰੀ ਜਾਣ ਵਾਲੀ ਨਾਮਜ਼ਦਗੀ ਦੇ ਫਾਰਮ ਨੰ: 4 ਵਿੱਚ ਤਜਵੀਜਕਰਤਾ ਤੇ ਸਕੈਂਡਰ ਉਸੇ ਵਾਰਡ ਦੇ 2 ਵਿਅਕਤੀਆਂ ਵੱਲੋਂ ਕੀਤਾ ਜਾਣਾ ਜ਼ਰੂਰੀ ਹੈ ਜਿਹੜੇ ਕਿ ਉਸੇ ਵਾਰਡ ਦੇ ਵੋਟਰ ਹੋਣ।

ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਨਾਮਜ਼ਦਗੀ ਫਾਰਮ ਨੰ: 4 ਅਤੇ ਅਨੁਲੱਗ 1 ਵੀ ਭਰਨਾ ਹੋਵੇਗਾ। ਇਸ ਤੋਂ ਬਿਨ੍ਹਾਂ ਉਮੀਦਵਾਰ ਨੂੰ ਫੌਜਦਾਰੀ ਕੇਸਾਂ ਸਬੰਧੀ ਬਿਆਨ ਹਲਫੀਆ ਜੋ ਕਿ ਨੋਟਰੀ ਤੋਂ ਤਸਦੀਕਸ਼ੁਦਾ ਹੋਣਾ ਚਾਹੀਦਾ ਹੈ, ਪੇਸ਼ ਕਰਨਾ ਹੋਵੇਗਾ। ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤੋਂ ਨੋ ਡਿਊ ਸਰਟੀਫਿਕੇਟ ਵੀ ਹੋਣਾ ਜ਼ਰੂਰੀ ਹੈ ਪ੍ਰੰਤੂ ਜੇਕਰ ਇਹ ਉਪਲਬਧ ਨਹੀਂ ਹੈ ਤਾਂ ਉਸ ਦੀ ਜਗ੍ਹਾ ਤੇ ਨੋਟਰੀ ਪਬਲਿਕ ਤੋਂ ਇਸ ਸਬੰਧੀ ਬਿਆਨ ਹਲਫੀਆ ਤਸਦੀਕ ਕਰਵਾ ਕੇ ਵੀ ਲਗਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਬਿਨ੍ਹਾਂ ਜੋ ਤਜ਼ਵੀਜ਼ਕਰਤਾ ਵਿਅਕਤੀ ਹਨ ਉਹਨਾਂ ਵੱਲੋਂ ਵੀ ਘੋਸ਼ਣਾ ਪੱਤਰ ਲੱਗੇਗਾ ਕਿ ਉਸਨੇ ਕਿਸੇ ਹੋਰ ਉਮੀਦਵਾਰ ਨੂੰ ਤਾਇਦ ਨਹੀਂ ਕੀਤਾ। ਫਾਰਮ ਨੰ: 1 ਵਿੱਚ ਉਸ ਵੱਲੋਂ ਦਿੱਤੀ ਜਾਣ ਵਾਲੀ ਅੰਡਰਟੇਕਿੰਗ ਲਈ ਜੋ ਵੀ ਫਾਰਮ ਦੇ ਵਿੱਚ, ਜਿਵੇਂ ਕਿ ਆਮਦਨ, ਜ਼ਮੀਨੀ ਜਾਇਦਾਦ, ਨਗਦ, ਚੱਲ ਅਤੇ ਅਚੱਲ ਸੰਪਤੀ ਜਾਂ ਬੈਂਕ ਖਾਤਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਤਾਂ ਉਸ ਦੇ ਸਬੂਤ ਵੀ ਨਾਲ ਲਗਾਉਣੇ ਪੈਂਦੇ ਹਨ। ਜੇਕਰ ਉਮੀਦਵਾਰ ਰਿਜ਼ਰਵ ਕੈਟਾਗਿਰੀ ਅਧੀਨ ਚੋਣ ਲੜ ਰਿਹਾ ਹੈ ਤਾਂ ਉਸ ਦਾ ਸਬੂਤ ਲਗਾਉਣਾ ਹੋਵੇਗਾ।