ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਕਟਾਈ ਫਸਲ ਪੂਰੀ ਤਰਾਂ ਪੱਕਣ ਤੇ ਅਤੇ ਕੇਵਲ ਦਿਨ ਵੇਲੇ ਕਰਨ ਦੀ ਅਪੀਲ
ਫਾਜ਼ਿਲਕਾ, 1 ਅਕਤੂਬਰ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਜ਼ਿਲ੍ਹੇ ਦੇ ਮਿਹਨਤੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਫਸਲ ਦੀ ਕਟਾਈ ਫਸਲ ਦੇ ਪੂਰੀ ਤਰਾਂ ਪੱਕਣ ਤੇ ਅਤੇ ਦਿਨ ਵੇਲੇ ਹੀ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਸਲ ਦੇ ਪੂਰੀ ਤਰਾਂ ਪੱਕਣ ਤੋਂ ਪਹਿਲਾਂ ਫਸਲ ਦੀ ਕਟਾਈ ਕਰਨ ਨਾਲ ਜਾਂ ਰਾਤ ਸਮੇਂ ਕਟਾਈ ਕਰਨ ਨਾਲ ਝੋਨੇ ਦੇ ਦਾਣਿਆਂ ਦੀ ਨਮੀ ਜਿਆਦਾ ਰਹਿ ਜਾਂਦੀ ਹੈ ਜਿਸ ਕਾਰਨ ਅਜਿਹੀ ਜਿਆਦਾ ਨਮੀ ਵਾਲੀ ਫਸਲ ਦੇ ਮੰਡੀਕਰਨ ਵਿਚ ਕਿਸਾਨਾਂ ਨੂੰ ਮੁਸਕਿਲ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿਚ 17 ਫੀਸਦੀ ਤੋਂ ਜਿਆਦਾ ਨਮੀ ਵਾਲੇ ਝੋਨੇ ਦੀ ਖਰੀਦ ਨਹੀਂ ਕੀਤੀ ਜਾਂਦੀ ਹੈ ਅਤੇ ਮੰਡੀਆਂ ਦੇ ਗੇਟਾਂ ਤੇ ਨਮੀ ਚੈਕ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜਿਆਦਾ ਨਮੀ ਵਾਲੇ ਝੋਨੇ ਦੀ ਟਰਾਲੀ ਮੰਡੀ ਵਿਚ ਨਹੀਂ ਆਉਣ ਦਿੱਤੀ ਜਾਵੇਗੀ, ਕਿਉਂਕਿ ਜੇਕਰ ਗਿੱਲਾ ਝੋਨਾ ਮੰਡੀ ਵਿਚ ਆ ਜਾਂਦਾ ਹੈ ਤਾਂ ਉਸਦੇ ਸੁੱਕਣ ਤੱਕ ਉਹ ਮੰਡੀ ਵਿਚ ਥਾਂ ਘੇਰੀ ਰੱਖਦਾ ਹੈ ਅਤੇ ਹੋਰ ਕਿਸਾਨਾਂ ਨੂੰ ਮੰਡੀ ਵਿਚ ਥਾਂ ਨਹੀਂ ਮਿਲਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸੇ ਤਰਾਂ ਰਾਤ ਸਮੇਂ ਕਟਾਈ ਕਰਨ ਨਾਲ ਜਿੱਥੇ ਝੋਨੇ ਦੇ ਦਾਣਿਆਂ ਦੀ ਨਮੀ ਵੱਧ ਜਾਂਦੀ ਹੈ ਉਥੇ ਹੀ ਕਿਸਾਨਾਂ ਨੂੰ ਕਈ ਵਾਰ ਇਹ ਵੀ ਪਤਾ ਨਹੀਂ ਲਗਦਾ ਕਿ ਕੰਬਾਇਨ ਪਿੱਛੇ ਪਰਾਲੀ ਵਿਚ ਤਾਂ ਦਾਣੇ ਨਹੀਂ ਛੱਡ ਰਹੀ। ਜਿਸ ਕਾਰਨ ਕਿਸਾਨ ਵੀਰਾਂ ਦਾ ਜਿਆਦਾ ਨੁਕਸਾਨ ਹੋ ਜਾਂਦਾ ਹੈ।ਇਸੇ ਤਰਾਂ ਹਨੇਰੇ ਵਿਚ ਕਟਾਈ ਕਰਨ ਨਾਲ ਕਿਨਾਰਿਆਂ ਤੇ ਕੁਝ ਪੌਦੇ ਕਟਾਈ ਤੋਂ ਰਹਿ ਜਾਂਦੇ ਹਨ ਜਾਂ ਜਿੱਥੇ ਕਿਤੇ ਝੋਨਾ ਡਿੱਗਿਆ ਹੁੰਦਾ ਹੈ ਉਸ ਥਾਂ ਵੀ ਕੰਬਾਇਨ ਦਾ ਰੀਪਰ ਨੀਵਾਂ ਨਾ ਹੋਣ ਕਾਰਨ ਪੌਦੇ ਕਟਾਈ ਤੋਂ ਰਹਿ ਜਾਂਦੇ ਹਨ ਅਤੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ। ਇਸੇ ਤਰਾਂ ਰਾਤ ਸਮੇਂ ਕੋਈ ਹਾਦਸਾ ਹੋਣ ਦਾ ਡਰ ਵੀ ਦਿਨ ਦੇ ਮੁਕਾਬਲੇ ਵਧੇਰੇ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤ ਵਿਚ ਖੜੀ ਫਸਲ ਇਕ ਦੋ ਦਿਨ ਦੀ ਵਾਧੂ ਧੁੱਪ ਨਾਲ ਹੀ ਸੁੱਕ ਜਾਂਦੀ ਹੈ ਪਰ ਕਟਾਈ ਕਰਨ ਤੋਂ ਬਾਅਦ ਢੇਰੀ ਕੀਤੇ ਦਾਣੇ ਕਈ ਕਈ ਦਿਨ ਨਹੀਂ ਸੁਕਦੇ ਅਤੇ ਫਿਰ ਕਿਸਾਨ ਨੂੰ ਉਨ੍ਹੇ ਹੀ ਜਿਆਦਾ ਦਿਨ ਫਸਲ ਦੇ ਮੰਡੀਕਰਨ ਵਿਚ ਲੱਗ ਜਾਂਦੇ ਹਨ। ਇਸ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੁੱਕੇ ਝੋਨੇ ਦੀ ਹੀ ਕਟਾਈ ਕੀਤੀ ਜਾਵੇ ਅਤੇ 17 ਫੀਸਦੀ ਤੋਂ ਘੱਟ ਨਮੀ ਵਾਲਾ ਝੋਨਾ ਹੀ ਮੰਡੀ ਵਿਚ ਲਿਆਂਦਾ ਜਾਵੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੀ.ਐਨ.ਐਸ. 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿ਼ਲ੍ਹਾ ਫਾਜਿ਼ਲਕਾ ਦੀ ਹਦੂਦ ਅੰਦਰ ਹਰੇ ਝੋਨੇ ਦੀ ਕਟਾਈ ਅਤੇ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਇਨ ਨਾਲ ਝੋਨੇ ਦੀ ਕਟਾਈ ਤੇ ਪਾਬੰਦੀ ਦੇ ਹੁਕਮ ਵੀ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਕੰਬਾਇਨ ਚਾਲਕ ਇੰਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।