ਡਿਪਟੀ ਕਮਿਸ਼ਨਰ ਨੇ ਸੜਕੀ ਦੁਰਘਟਨਾਵਾਂ ਨੂੰ ਰੋਕਣ ਅਤੇ ਸੁਚਾਰੂ ਟ੍ਰੈਫ਼ਿਕ ਪ੍ਰਬੰਧਾਂ ਸਬੰਧੀ ਕੀਤੀ ਬੈਠਕ

Bathinda

ਬਠਿੰਡਾ, 25 ਸਤੰਬਰ : ਰੋਡ ਸੇਫ਼ਟੀ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਬਾਰੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਜ਼ਿਲ੍ਹੇ ਅੰਦਰ ਸੜਕ ਦੁਰਘਟਨਾਵਾਂ ਨੂੰ ਰੋਕਣ ਅਤੇ ਟ੍ਰੈਫ਼ਿਕ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ।

          ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਰੋਡ ਸੇਫਟੀ ਦੇ ਮੱਦੇਨਜ਼ਰ ਚੁੱਕੇ ਜਾਣ ਵਾਲੇ ਸੁਚਾਰੂ ਕਦਮਾਂ, ਰੋਡ ਮੈਪ, ਸੁਝਾਅ ਅਤੇ ਪਲਾਨ ਤਿਆਰ ਕਰਦਿਆਂ ਜਲਦ ਤੋਂ ਜਲਦ ਰਿਪੋਰਟ ਪੇਸ਼ ਕੀਤੀ ਜਾਵੇ।          

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਟਰੈਫਿਕ ਲਾਈਟਾਂ, ਸੜਕਾਂ ਉਪਰ ਮਾਰਕਿੰਗ ਅਤੇ ਸਾਈਨ ਬੋਰਡ, ਮੈਨ ਚੌਕਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣੇ ਅਤੇ ਉਨ੍ਹਾਂ ਨੂੰ ਚਾਲੂ ਹਾਲਤ ਵਿੱਚ ਰੱਖਣੇ ਯਕੀਨੀ ਬਣਾਏ ਜਾਣ। ਇਸ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਪੱਠਿਆਂ ਵਾਲੀਆਂ ਟਾਲਾਂ ਨੂੰ ਸਾਈਡ ਤੇ ਕਰਵਾਇਆ ਜਾਵੇ ਤਾਂ ਜੋ ਅਵਾਰਾ ਪਸ਼ੂਆਂ ਨਾਲ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ।

ਸ਼ੌਕਤ ਅਹਿਮਦ ਪਰੇ ਨੇ ਟ੍ਰੈਫ਼ਿਕ ਪੁਲਿਸ ਅਤੇ ਪੀਆਰਟੀਸੀ ਬਠਿੰਡਾ ਡੀਪੂ ਦੇ ਅਧਿਕਾਰੀਆਂ ਨੂੰ ਕਿਹਾ ਕਿ ਬੱਸ ਸਟੈਂਡ ਦੇ ਸਾਹਮਣੇ ਲੱਗੀਆਂ ਲਾਈਟਾਂ ਤੇ ਸਵਾਰੀਆਂ ਨੂੰ ਬੱਸਾਂ ਵਿੱਚੋਂ ਉਤਰਨ ਤੋਂ ਸਖਤੀ ਨਾਲ ਰੋਕਿਆ ਜਾਵੇ ਤਾਂ ਜੋ ਇੱਥੇ ਹੋ ਰਹੇ ਹਾਦਸਿਆਂ ਨੂੰ ਠੱਲ੍ਹ ਪੈ ਸਕੇ।

ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਕਿ ਦੁਰਘਟਨਾਵਾਂ ਤੋਂ ਬਚਾਅ ਲਈ ਜਾਗਰੂਕ ਕਰਨ ਵਾਸਤੇ ਸਪੈਸ਼ਲ ਕੈਂਪ ਲਗਾਉਣ ਤੋਂ ਇਲਾਵਾ ਡਰਾਈਵਰਾਂ ਦੀ ਪੁਲਿਸ ਵੈਰੀਫ਼ਿਕੇਸ਼ਨ, ਅੱਖਾਂ ਦਾ ਚੈਕਅਪ ਅਤੇ ਡੋਪ ਟੈਸਟ ਵੀ ਕਰਾਉਣਾ ਯਕੀਨੀ ਬਣਾਇਆ ਜਾਵੇ।  ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਸ਼ਹਿਰ ਦੀਆਂ ਸੜਕਾਂ ਤੇ ਪਏ ਟੋਇਆਂ ਆਦਿ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਟ੍ਰੈਫ਼ਿਕ ਪੁਲਿਸ ਅਧਿਕਾਰੀਆਂ ਨੂੰ ਜ਼ਿਲ੍ਹੇ ਅੰਦਰ ਸੜਕ ਸੁਰੱਖਿਆ ਨਿਯਮਾਂ ਸਬੰਧੀ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਨਾਬਾਲਗ ਬੱਚਿਆਂ ਨੂੰ ਵਹੀਕਲ ਚਲਾਉਣ ਤੋਂ ਰੋਕਣ ਲਈ ਵੀ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਸੜਕ ਸੁਰੱਖਿਆ ਫੋਰਸ ਨੂੰ ਵੀ ਹਦਾਇਤ ਕੀਤੀ ਕਿ ਟ੍ਰੈਫ਼ਿਕ ਨਿਯਮਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

ਉਨ੍ਹਾਂ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਕੂਲ ਵਾਹਨ ਸਕੀਮ ਤਹਿਤ ਕੈਂਪ ਲਗਾ ਕੇ ਵੱਧ ਤੋਂ ਵੱਧ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਸ਼ਹਿਰ ਦੇ ਚੌਂਕਾਂ ਆਦਿ ਵਿਖੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਵੀ ਜਾਗਰੂਕ ਕਰਦਿਆਂ ਉਨ੍ਹਾਂ ਨੂੰ ਸਕੂਲਾਂ ਵਿਚ ਦਾਖ਼ਲ ਕਰਵਾਇਆ ਜਾਵੇ।

ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਹੋਰ ਦੁਰਘਟਨਾਵਾਂ ਦਾ ਕਾਰਨ ਬਣਨ ਵਾਲੇ ਵੱਖ-ਵੱਖ ਸੰਭਾਵੀਂ ਸਥਾਨਾਂ ਅਤੇ ਟ੍ਰੈਫ਼ਿਕ ਵਿਚ ਵਿਘਨ ਪਾਉਣ ਵਾਲੀਆਂ ਥਾਵਾਂ ਦੀ ਸਨਾਖ਼ਤ ਤੋਂ ਇਲਾਵਾ ਭਾਗੂ ਰੋਡ ਸਿਵਲ ਲਾਈਨ ਦੀ ਈ-ਲਾਈਨ ਵਿਚ ਹੈਵੀ ਵਹੀਕਲਾਂ ਦੀ ਆਵਾਜਾਈ ਬੰਦ ਕਰਨ, ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ ਦੇ ਸਾਹਮਣੇ ਸਪੀਡ ਬ੍ਰੈਕਰ ਬਨਾਉਣ, ਸਿਵਲ ਹਸਪਤਾਲ ਗੇਟ ਅੱਗੇ ਹੰਪ ਬਨਾਉਣ ਅਤੇ ਭਾਈ ਮਤੀ ਦਾਸ ਚੌਂਕ ਸਾਹਮਣੇ ਟ੍ਰੈਫ਼ਿਕ ਸੁਚਾਰੂ ਢੰਗ ਨਾਲ ਚਲਾਉਣ ਦੇ ਮੱਦੇਨਜ਼ਰ ਸਬੰਧਤ ਅਧਿਕਾਰੀਆਂ ਨੁੰ ਜਲਦ ਸਰਵੇ ਰਿਪੋਰਟ ਪੇਸ਼ ਕਰਨ ਲਈ ਕਿਹਾ ਤਾਂ ਜੋ ਇਸ ਸਬੰਧੀ ਅਗਲੇਰੀ ਕਾਰਵਾਈ ਆਰੰਭੀ ਜਾ ਸਕੇ।  

ਇਸ ਮੌਕੇ ਸਿਖਲਾਈ ਅਧੀਨ ਆਈਏਐਸ ਰਾਕੇਸ਼ ਕੁਮਾਰ ਮੀਨਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਨਰਿੰਦਰ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ. ਹਰਜਿੰਦਰ ਸਿੰਘ ਜੱਸਲ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਬਲਕਰਨ ਸਿੰਘ ਮਾਹਲ, ਉਪ ਮੰਡਲ ਮੈਜਿਸਟ੍ਰੇਟ ਮੌੜ ਸ਼੍ਰੀ ਸੁਖਰਾਜ ਸਿੰਘ ਢਿੱਲੋਂ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਸ਼੍ਰੀ ਗਗਨਦੀਪ ਸਿੰਘ, ਡੀ.ਐਸ.ਪੀ ਸ਼੍ਰੀ ਹਰਿੰਦਰ ਸਿੰਘ ਸਰਾਂ ਤੋਂ ਇਲਾਵਾ ਐਨ.ਐਚ.ਏ.ਆਈ, ਨਗਰ ਨਿਗਮ, ਪੀਆਰਟੀਸੀ, ਸਿਹਤ ਵਿਭਾਗ, ਸਿੱਖਿਆ ਵਿਭਾਗ, ਟ੍ਰੈਫ਼ਿਕ ਪੁਲਿਸ ਆਦਿ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।