ਚੱਕ ਰਾਮ ਸਿੰਘ ਵਾਲਾ ਵਿਖੇ ਬਲਾਕ ਪੱਧਰੀ ਪਰਾਲੀ ਪ੍ਰਬੰਧਨ ਜਾਗਰੂਕਤਾ ਕੈਂਪ ਆਯੋਜਿਤ

Politics Punjab

ਬਠਿੰਡਾ, 24 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਗੁਰਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਸਥਾਨਕ ਪੀ.ਏ.ਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਪ੍ਰਬੰਧਨ ਸੰਬੰਧੀ ਬਲਾਕ ਪੱਧਰੀ ਜਾਗਰੂਕਤਾ ਕੈਂਪ ਪਿੰਡ ਚੱਕ ਰਾਮ ਸਿੰਘ ਵਾਲਾ ਬਲਾਕ ਨਥਾਣਾ ਵਿਖੇ ਲਗਾਇਆ ਗਿਆ।

ਇਸ ਮੌਕੇ ਡਾ. ਅਜੀਤਪਾਲ ਸਿੰਘ ਧਾਲੀਵਾਲ (ਪੋਫੈਸਰ ਪਸ਼ੂ ਵਿਗਿਆਨ) ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਪ੍ਰਬੰਧ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਆਪਣੇ ਖੇਤ ਵਿੱਚ ਮਿਲਾਇਆ ਜਾਵੇ ਤਾਂ ਜੋ ਖੇਤ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋ ਸਕੇ, ਅਜਿਹਾ ਕਰਨ ਨਾਲ ਕਿਸਾਨ ਵੀਰ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੀ ਵਰਤੋਂ ਪਸ਼ੂ ਖੁਰਾਕ ਵਿੱਚ ਵੀ ਕੀਤੀ ਜਾ ਸਕਦੀ ਹੈ ਅਤੇ ਸਰਦੀ ਦੀ ਰੁੱਤ ਵਿੱਚ ਇਸ ਦੀ ਵਰਤੋਂ ਸੁੱਕ ਦੇ ਰੂਪ ਵਿੱਚ ਕਰਨੀ ਸਾਰਥਿਕ ਸਿੱਧ ਹੋਵੇਗੀ।

ਡਾ. ਵਿਨੈ ਸਿੰਘ (ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ) ਨੇ ਪਰਾਲੀ ਪ੍ਰਬੰਧ ਕੀਤੇ ਖੇਤਾਂ ਵਿੱਚ ਕੀੜੇ-ਮਕੌੜਿਆਂ ਅਤੇ ਚੂਹਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਡਾ. ਤੇਜਬੀਰ ਸਿੰਘ ਬੁੱਟਰ (ਸਹਾਇਕ ਪ੍ਰੋਫੈਸਰ, ਭੂਮੀ ਵਿਗਿਆਨ) ਨੇ ਕਿਸਾਨਾਂ ਨਾਲ ਪਰਾਲੀ ਪ੍ਰਬੰਧ ਅਤੇ ਖਾਦਾਂ ਦੀ ਸਹੀ ਵਰਤੋਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਜ਼ਮੀਨ ਵਿੱਚ ਮਾੜੇ ਲੂਣਾ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਲਗਾਤਾਰ 3-4 ਸਾਲ ਪਰਾਲੀ ਨੂੰ ਖੇਤ ਵਿੱਚ ਦਬਾਉਣ ਨਾਲ ਜ਼ਮੀਨ ਵਿਚਲੀ ਮੱਲੜ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਖੇਤ ਦੀ ਉਪਜਾਊ ਸ਼ਕਤੀ ਵਿੱਚ ਅਥਾਹ ਵਾਧਾ ਹੁੰਦਾ ਹੈ। ਇਸ ਮੌਕੇ ਕਿਸਾਨਾਂ ਨੂੰ ਸ਼ਬਜੀਆਂ ਦੀਆਂ ਕਿੱਟਾਂ ਅਤੇ ਕਿਤਾਬਾਂ ਵੀ ਮੁਹੱਈਆ ਕਰਵਾਈਆਂ ਗਈਆਂ।

ਇਸ ਬਲਾਕ ਪੱਧਰੀ ਕੈਂਪ ਵਿੱਚ ਲੱਗਭਗ 103 ਦੇ ਕਰੀਬ ਅਗਾਹਵਧੂ ਕਿਸਾਨਾਂ ਨੇ ਸਮੂਲੀਅਤ ਕੀਤੀ। ਪ੍ਰੋਗਰਾਮ ਦੇ ਵਿੱਚ ਸ਼ਮਿਲ ਕਿਸਾਨਾਂ ਨੇ ਪਰਾਲੀ ਪ੍ਰਬੰਧ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਅੰਤ ਵਿੱਚ ਸਮੂਹ ਇਕੱਠ ਵੱਲੋਂ ਪ੍ਰਣ ਲਿਆ ਗਿਆ ਕਿ ਇਸ ਪਰਾਲੀ ਨੂੰ ਬਿਨ੍ਹਾਂ ਜਲਾਏ ਸੁਚੱਜੀ ਵਰਤੋਂ ਯਕੀਨੀ ਬਨਾਉਣਗੇ।