ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੀਆਂ ਗੰਢਾਂ ਬਨਾਉਣ ਵਾਲੀਆਂ ਬੇਲਰ ਅਤੇ ਰੇਕ ਮਸ਼ੀਨਾਂ ਨੂੰ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕੰਮ ਦੀ ਸ਼ੁਰੂਆਤ ਕਰਨ ਲਈ ਰਵਾਨਾ ਕੀਤਾ ਗਿਆ

Politics Punjab

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਸਤੰਬਰ, 2024:
ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦੀ ਸੁਚੱਜੀ ਸਾਂਭ ਸੰਭਾਲ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐੱਸ.ਏ.ਐੱਸ.ਨਗਰ ਦੁਆਰਾ ਸਬਸਿਡੀ ‘ਤੇ ਦਿੱਤੀਆਂ ਗਈਆਂ ਪਰਾਲੀ ਦੀਆਂ ਗੰਢਾਂ ਬਨਾਉਣ ਵਾਲੀਆਂ ਬੇਲਰ ਅਤੇ ਰੇਕ ਮਸ਼ੀਨਾਂ ਨੂੰ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕੰਮ ਦੀ ਸ਼ੁਰੂਆਤ ਕਰਨ ਲਈ ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਸ਼੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ. ਨੇ ਵਿਰਾਜ ਐਸ. ਤਿੜਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਤੇ ਉਪ ਮੰਡਲ ਮੈਜਿਸਟਰੇਟ ਐੱਸ.ਏ.ਐੱਸ.ਨਗਰ ਦੀਪਾਂਕਰ ਗਰਗ ਦੀ ਹਾਜਰੀ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਐੱਸ ਏ ਐੱਸ ਨਗਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।  
     ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪਿੰਡ ਸੋਹਾਣਾ ਦੀ ਸਮੂਹ ਟੀਮ ਵੱਲੋਂ ਲਗਭਗ 6 ਬੇਲਰ ਅਤੇ ਰੇਕ ਮਸ਼ੀਨਾਂ ਨਾਲ ਕਿਸਾਨਾਂ ਪਾਸੋਂ ਬਿਨਾਂ ਕੋਈ ਖਰਚਾ ਲਿਆਂ ਪਰਾਲੀ ਦੀਆਂ ਗੰਢਾਂ ਬਣਾਈਆਂ ਜਾਣੀਆਂ ਹਨ। ਉਨ੍ਹਾਂ ਅੱਗੇ  ਦੱਸਿਆ ਕਿ ਜ਼ਿਲ੍ਹੇ ਵਿੱਚ ਸਾਲ 2023-24 ਤੱਕ 20 ਬੇਲਰ ਅਤੇ ਰੈਕ ਮਸ਼ੀਨਾਂ ਉਪਲਬੱਧ ਸਨ ਅਤੇ ਇਸ ਸਾਲ 17 ਹੋਰ ਮਸ਼ੀਨਾਂ ਵੱਖ-ਵੱਖ ਕਿਸਾਨਾਂ/ਕਿਸਾਨ ਗਰੁੱਪਾਂ/ ਸਹਿਕਾਰੀ ਸਭਾਵਾਂ ਵੱਲੋਂ ਸਰਕਾਰ ਦੁਆਰਾ ਤਿਆਰ ਕੀਤੇ ਗਏ ਮਸ਼ੀਨਰੀ ਸਬੰਧੀ ਆਨਲਾਈਨ ਪੋਰਟਲ ਰਾਹੀਂ ਅਪਲਾਈ ਕੀਤੀਆਂ ਗਈਆਂ ਹਨ।
     ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਨ੍ਹਾਂ ਮਸ਼ੀਨਾਂ ਦੀ ਲੋੜ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਸੀ.ਈ.ਆਰ. ਫੰਡ ਅਧੀਨ ਤਿੰਨ ਬੇਲਰ ਅਤੇ ਰੇਕ ਮਸ਼ੀਨਾਂ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਵਰਤੀਆਂ ਜਾ ਰਹੀਆਂ  ਮਸ਼ੀਨਾਂ ਦੀ ਮੰਗ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਮਿਤੀ 19.09.2024 ਤੱਕ ਹੋਰ ਮਸ਼ੀਨਾਂ ਅਪਲਾਈ ਕਰਨ ਲਈ ਸਮਾਂ ਵਧਾਇਆ ਗਿਆ ਸੀ, ਜਿਸ ਦੇ ਨਤੀਜੇ ਵੱਜੋਂ 317 ਅਰਜੀਆਂ ਪ੍ਰਾਪਤ ਹੋਈਆਂ ਹਨ, ਜਿਨਾਂ ਰਾਹੀਂ 373 ਮਸ਼ੀਨਾਂ ਦੀ  ਵੱਖ ਵੱਖ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨ ਗਰੁੱਪਾਂ/ ਸਹਿਕਾਰੀ ਸਭਾਵਾਂ ਵੱਲੋਂ ਪੰਜ ਬੇਲਰ ਅਤੇ ਪੰਜ ਮਸ਼ੀਨਾਂ ਦੀ ਖ੍ਰੀਦ ਲਈ ਜਿਲ੍ਹੇ ਪਾਸ ਲੋੜੀਂਦੇ ਫੰਡਜ ਮੌਜੂਦ ਹਨ ਅਤੇ ਇਨਾਂ ਫੰਡਜ ਦੀ ਵਰਤੋਂ ਨਾਲ ਅਰਜੀਆਂ ਦੇਣ ਵਾਲੇ ਸਾਰੇ ਗਰੁੱਪਾਂ/ਸਹਿਕਾਰੀ ਸਭਾਵਾ ਨੂੰ  ਖੇਤੀਬਾੜੀ ਵਿਭਾਗ ਵੱਲੋਂ ਮੰਨਜੂਰੀ ਦਿੱਤੀ ਜਾ ਰਹੀ ਹੈ।
       ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐੱਸ.ਏ.ਐੱਸ.ਨਗਰ ਦੇ ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਸ਼੍ਰੀ ਲਖਵਿੰਦਰ ਸਿੰਘ, ਜੂਨੀਅਰ ਤਕਨੀਸੀਅਨ, ਸ਼੍ਰੀ ਕਮਲਦੀਪ ਸਿੰਘ ਅਤੇ  ਸ਼੍ਰੀ ਮਨਜੀਤ ਸਿੰਘ ਏ.ਟੀ.ਐਮ. ਹਾਜਰ ਸਨ।