ਫਰੀਦਕੋਟ, 21 ਸਤੰਬਰ
ਬਾਬਾ ਸ਼ੇਖ ਫਰੀਦ ਆਗਮਨ ਪੁਰਬ ਤੇ ਭਾਸ਼ਾ ਵਿਭਾਗ, ਪੰਜਾਬ ਅਤੇ ਆਲਮੀ ਪੰਜਾਬੀ ਅਦਬ ਫਾਂਊਡੇਸ਼ਨ ਫਰੀਦਕੋਟ ਵੱਲੋਂ ਪੰਜਾਬੀ ਦੇ ਨਾਮਵਰ ਸ਼ਾਇਰ ਡਾਕਟਰ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਬਾਬਾ ਫ਼ਰੀਦ ਸਹਿਤ ਅਤੇ ਪੁਸਤਕ ਮੇਲੇ ਵਿੱਚ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਇਸ ਮੌਕੇ ਸਵੇਰ ਦੇ ਸੰਵਾਂਦ ਸੈਸ਼ਨ ਵਿੱਚ “ਚੌਥਾ ਥਮ “ਵਿਸ਼ੇ ਅਧੀਨ ਨਾਮਵਰ ਪੱਤਰਕਾਰ ਯਾਦਵਿੰਦਰ ਕਰਫਿਊ ਨਾਲ ਸੰਵਾਂਦ ਕਰਤਾ ਸ਼ਿਵਜੀਤ ਸਿੰਘ ਸੰਘਾ ਵੱਲੋਂ ਵਿਚਾਰ -ਚਰਚਾ ਕੀਤੀ ਗਈ ਜਿਸ ਨੂੰ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਪੂਰੀ ਉਤਸੁਕਤਾ ਨਾਲ ਸੁਣਿਆ । ਸੰਵਾਂਦ ਕਰਤਾ ਸ਼ਿਵਜੀਤ ਸੰਘਾ ਵੱਲੋਂ ਯਾਦਵਿੰਦਰ ਕਰਫਿਊ ਨਾਲ ਪੰਜਾਬ ਤੇ ਦੇਸ਼ ਦੇ ਚਲੰਤ ਮਾਮਲਿਆਂ ,ਪੱਤਰਕਾਰੀ ,ਪੱਤਰਕਾਰੀ ਵਿੱਚ ਨਿਘਾਰ, ਪੱਤਰਕਾਰੀ ਵਪਾਰ, ਦਰਪੇਸ਼ ਔਕੜਾਂ ਸਮੇਤ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ ਗਈ ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਮਹਾਨ ਸੂਫੀ ਸੰਤ ਅਤੇ ਪੰਜਾਬੀ ਦੇ ਪਹਿਲੇ ਸ਼ਾਇਰ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਨੂੰ ਸਮਰਪਿਤ ਆਗਮਨ ਪੁਰਬ ਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਅਤੇ ਭਾਸ਼ਾ ਵਿਭਾਗ ਵੱਲੋਂ ਪੰਜ ਰੋਜ਼ਾ ਪੁਸਤਕ ਮੇਲੇ ਅਤੇ ਵਿਚਾਰ ਚਿੰਤਨ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗੁਰਬਾਣੀ ਵੀ ਸਾਨੂੰ ਕੁਝ ਕਹਿਣ ਅਤੇ ਸੁਣਨ ਦਾ ਸੰਦੇਸ਼ ਦਿੰਦੀ ਹੈ ।ਉਹਨਾਂ ਕਿਹਾ ਕਿ ਬਾਬਾ ਫਰੀਦ ਦੀ ਬਾਣੀ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੀ ਹੈ ਤੇ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ ।
ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੁਸਤਕ ਮੇਲਾ ਭਾਸ਼ਾ ਵਿਭਾਗ ਅਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਦਾ ਵੱਡਾ ਉਪਰਾਲਾ ਹੈ ਜਿਸ ਨਾਲ ਲੋਕਾਂ ਦੀ ਕਿਤਾਬਾਂ ਨਾਲ ਸਾਂਝ ਵਧੇਗੀ ਅਤੇ ਉਹ ਆਪਣੇ ਸਹਿਤ ,ਸੱਭਿਆਚਾਰ ਅਮੀਰ ਵਿਰਸੇ ਅਤੇ ਇਤਿਹਾਸ ਆਦਿ ਬਾਰੇ ਜਾਣੂ ਹੋਣਗੇ ।ਉਹਨਾਂ ਇਸ ਮੌਕੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਾਹਿਤ ਅਤੇ ਹੋਰ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ , ਫਾਊਂਡੇਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਜਨਰਲ ਸਕੱਤਰ ਗੁਰ ਅੰਮ੍ਰਿਤ ਪਾਲ ਸਿੰਘ ,ਹਰਪੀਤ ਸਿੰਘ ਭਿੰਡਰ, ਰਾਜਪਾਲ ਸੰਧੂ , ਕੰਵਰਜੀਤ ਸਿੰਘ ਖੋਜ ਅਫਸਰ ਸਮੇਤ ਵੱਖ ਵੱਖ ਅਹੁਦੇਦਾਰ ਵੀ ਹਾਜ਼ਰ ਸਨ।