ਮਾਨਸਾ, 12 ਸਤੰਬਰ:
ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਅਤੇ ਪੈਰਾਮੈਡੀਕਲ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਜ਼ਿਲਾ ਪੱਧਰ ’ਤੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੀ ਚੇਅਰਮੈਨਸ਼ਿਪ ਹੇਠ ਜ਼ਿਲ੍ਹਾ ਸਿਹਤ ਬੋਰਡ ਦਾ ਗਠਨ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ. ਸ੍ਰੀ ਭਾਗੀਰਥ ਸਿੰਘ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ, ਐਸ.ਡੀ.ਐਮ. ਮਾਨਸਾ ਸ੍ਰ. ਮਨਜੀਤ ਸਿੰਘ ਰਾਜਲਾ, ਐਸ.ਡੀ.ਐਮ. ਬੁਢਲਾਡਾ ਸ੍ਰ. ਗਗਨਦੀਪ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਮੈਡੀਕਲ ਪੇਸ਼ੇਵਰਾਂ ਵਿਰੁੱਧ ਵਧ ਰਹੇ ਹਿੰਸਾ ਦੇ ਮਾਮਲਿਆਂ ਦਾ ਸਖ਼ਤ ਨੋਟਿਸ ਲੈਂਦਿਆਂ ਸਮੂਹ ਐਸ.ਐਮ.ਓਜ਼. ਨੂੰ ਹਦਾਇਤ ਕੀਤੀ ਕਿ ਡਿਊਟੀ ’ਤੇ ਤੈਨਾਤ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸ਼ਿਕਾਇਤਾਂ ਸਬੰਧੀ ਕਮੇਟੀਆਂ ਦਾ ਗਠਨ ਕੀਤਾ ਜਾਵੇ ਤਾਂ ਜੋਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕੀਤਾ ਜਾ ਸਕੇ। ਸਿਹਤ ਸੰਸਥਾਵਾਂ ਦੀ ਐਂਟਰੀ ਅਤੇ ਬਾਹਰ ਜਾਣ ਦੇ ਰਸਤਿਆਂ ’ਤੇ ਸੀ.ਸੀ.ਟੀ .ਵੀ ਕੈਮਰਿਆਂ ਦੀ ਗਿਣਤੀ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਡਿਊਟੀ ’ਤੇ ਹਾਜ਼ਰ ਅਧਿਕਾਰੀ ਅਤੇ ਕਰਮਚਾਰੀ ਮੁਕੰਮਲ ਡਰੈੱਸ ਅਤੇ ਆਈ.ਡੀ. ਕਾਰਡ ਪਹਿਨਣੇ ਯਕੀਨੀ ਬਣਾਉਣ। ਦਾਖਲ ਮਰੀਜ਼ਾਂ ਦੇ ਵਾਰਸਾਂ ਨੂੰ ਗੇਟ ਪਾਸ ਜਾਰੀ ਕੀਤੇ ਜਾਣ ਤਾਂ ਜੋਂ ਕੋਈ ਅਣਜਾਣ ਵਿਅਕਤੀ ਹਸਪਤਾਲ ਵਿਚ ਦਾਖਲ ਨਾ ਹੋਵੇ।
ਉਨ੍ਹਾਂ ਸੀਨੀਅਰ ਪੁਲਿਸ ਕਪਤਾਨ ਨੂੰ ਹਸਪਤਾਲਾਂ ਵਿਚ ਗਸ਼ਤ ਵਧਾਉਣ ਲਈ ਕਿਹਾ ਤਾਂ ਜੋ ਵਾਰਦਾਤ ਕਰਨ ਵਾਲੇ ’ਤੇ ਤੁਰੰਤ ਐਕਸ਼ਨ ਲੈਂਦਿਆਂ ਉਸ ਵਿਰੁੱਧ ਐਫ਼.ਆਈ. ਆਰ.ਦਰਜ ਕਰਕੇ ਗਿਰਫ਼ਤਾਰੀ ਕੀਤੀ ਜਾ ਸਕੇ। ਉਨ੍ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਪ੍ਰਧਾਨ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਅਜਿਹੇ ਪ੍ਰਬੰਧ ਕਰਨ ਲਈ ਕਿਹਾ ਤਾਂ ਜੋ ‘ਦਿ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੇਅਰ ਸਰਵਿਸ ਪਰਸਨਜ਼ ਐਂਡ ਮੈਡੀਕੇਅਰ ਸੇਵਾ ਸੰਸਥਾਵਾਂ (ਹਿੰਸਾ ਦੀ ਰੋਕਥਾਮ ਅਤੇ ਜਾਇਦਾਦ ਨੂੰ ਨੁਕਸਾਨ) ਐਕਟ-2008’ ਸਖ਼ਤੀ ਨਾਲ ਲਾਗੂ ਕੀਤਾ ਜਾ ਸਕੇ ਅਤੇ ਮੈਡੀਕਲ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਡਾ. ਹਰਦੇਵ ਸਿੰਘ, ਆਈ.ਐਮ.ਏ. ਪ੍ਰਧਾਨ ਡਾ. ਜਨਕ ਰਾਜ ਐਮ.ਡੀ., ਡਾ. ਗੁਰਜੀਵਨ ਸਿੰਘ ਪ੍ਰਧਾਨ ਪੀ.ਸੀ.ਐਮ.ਐਸ, ਸਮੂਹ ਐਸ.ਐਮ.ਓ ਅਤੇ ਸ਼੍ਰੀਮਤੀ ਗੁਰਵਿੰਦਰ ਕੌਰ ਨਰਸਿੰਗ ਸਿਸਟਰ ਸਿਵਲ ਹਸਪਤਾਲ ਮਾਨਸਾ ਆਦਿ ਮੈਂਬਰ ਹਾਜ਼ਰ ਸਨ।