ਪਰਾਲੀ ਨੂੰ ਵੱਧ ਅੱਗ ਲਗਾਉਣ ਵਾਲੇ ਪਿੰਡਾਂ ਵਿੱਚ ਪਹੁੰਚ ਕੇ ਐਸ ਡੀ ਐਮ ਕਰਨ ਕਿਸਾਨਾਂ ਨਾਲ ਮੀਟਿੰਗਾਂ-  ਡਿਪਟੀ ਕਮਿਸ਼ਨਰ

Amritsar Politics Punjab

ਅੰਮ੍ਰਿਤਸਰ 11 ਸਤੰਬਰ 2024–

ਆ ਰਹੇ ਝੋਨੇ ਦੇ ਸੀਜਨ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਤੋਂ ਹੀ ਕਮਰ ਕੱਸੇ ਕਰ ਲਏ ਹਨ। ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਸ ਮੁੱਦੇ ਉੱਤੇ ਜਿਲਾ ਪੁਲਿਸ ਮੁਖੀ ਸ ਚਰਨਜੀਤ ਸਿੰਘ, ਡੀ ਸੀ ਪੀ ਸ੍ਰੀ ਆਲਮ ਵਿਜੇ ਸਿੰਘ, ਸਾਰੇ ਐਸ ਡੀ ਐਮ, ਤਹਿਸੀਲਦਾਰਾਂ, ਖੇਤੀਬਾੜੀ ਅਧਿਕਾਰੀਆਂ, ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ, ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮੁਖੀਆਂ ਅਤੇ ਬਲਾਕ ਡਿਵੈਲਪਮੈਂਟ ਪੰਚਾਇਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।  ਉਹਨਾਂ ਨੇ ਸਪਸ਼ਟ ਕੀਤਾ ਕਿ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਪਰਾਲੀ ਨੂੰ ਅੱਗ ਲੱਗਣ ਵਾਲੀਆਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਅਤੇ ਇਸ ਵਿੱਚ ਕਿਸੇ ਵੀ ਪੱਧਰ ਉੱਤੇ ਰਤੀ ਭਰ ਵੀ ਕੁੱਤਾਹੀ ਦੀ ਗੁੰਜਾਇਸ਼ ਨਹੀਂ ਹੈ, ਸੋ ਸਾਰੇ ਅਧਿਕਾਰੀ ਅਤੇ ਕਰਮਚਾਰੀ ਜਿਨਾਂ ਦੀ ਡਿਊਟੀ ਇਸ ਕੰਮ ਲਈ ਲਗਾਈ ਗਈ ਹੈ, ਉਹ ਅਗਲੇ ਦੋ ਮਹੀਨੇ ਖੇਤਾਂ ਵਿੱਚ ਹੀ ਸਰਗਰਮ ਰਹਿਣ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਝੋਨੇ ਦੀ ਕਟਾਈ ਸਭ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ, ਜਿਸ ਕਾਰਨ ਇੱਥੇ ਅੱਗ ਲੱਗਣ ਦੀਆਂ ਘਟਨਾਵਾਂ ਵੀ ਪੰਜਾਬ ਭਰ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਹ ਵਰਤਾਰਾ ਰੋਕ ਲਈਏ ਤਾਂ ਸਮੁੱਚੇ ਪੰਜਾਬ ਵਿੱਚ ਇਸ ਦਾ ਹਾਂ ਪੱਖੀ ਸੰਦੇਸ਼ ਜਾਵੇਗਾ । ਉਹਨਾਂ ਐਸਡੀਐਮ ਨੂੰ ਹਦਾਇਤ ਕੀਤੀ ਕਿ ਉਹ ਪਿਛਲੇ ਸਾਲ ਦਾ ਡਾਟਾ ਵੇਖ ਕੇ ਜਿਨਾਂ ਪਿੰਡਾਂ ਵਿੱਚ ਅੱਗ ਲੱਗਣ ਦੀਆਂ ਵੱਧ ਘਟਨਾਵਾਂ ਹੋਈਆਂ ਹਨ ਉਹਨਾਂ ਵਿੱਚ ਪਹੁੰਚ ਕਰਕੇ ਕਿਸਾਨਾਂ ਨਾਲ ਮੀਟਿੰਗਾਂ ਕਰਨ। ਉਹਨਾਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਦੱਸਿਆ ਕਿ ਇਸ ਵੇਲੇ ਪਰਾਲੀ ਦੀ ਸੰਭਾਲ ਲਈ ਸਾਡੇ ਕੋਲ ਬੇਲਰਾਂ ਦੀ ਗਿਣਤੀ ਬਹੁਤ  ਹੈ ਸੋ ਕਿਸੇ ਵੀ ਕਿਸਾਨ ਨੂੰ ਪਰਾਲੀ ਵੇਲੇ ਬੇਲਰ ਲੈ ਕੇ ਦੇ ਸਕਦੇ ਹੋ । ਉਹਨਾਂ ਦੱਸਿਆ ਕਿ ਐਸ ਡੀ ਐਮ ਦੇ ਨਾਲ ਤਹਿਸੀਲਦਾਰ ਕਲਸਟਰ ਅਧਿਕਾਰੀ ਲਗਾਏ ਗਏ ਹਨ ਅਤੇ ਫਿਰ ਹਰੇਕ ਪਿੰਡ ਉੱਤੇ ਪਟਵਾਰੀ ਜਾਂ ਹੋਰ ਵਿਭਾਗਾਂ ਦੇ ਅਧਿਕਾਰੀ ਬਤੌਰ ਨੋਡਲ ਅਫਸਰ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਕੰਮ ਕਰਨਗੇ

                ਇਸ ਮੌਕੇ ਥਾਣਾ ਮੁਖੀਆਂ ਨੂੰ ਸੰਬੋਧਨ ਕਰਦੇ ਜਿਲਾ ਪੁਲਿਸ ਮੁਖੀ ਸਰਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸੁਪਰੀਮ ਕੋਰਟ ਨੇ ਆਦੇਸ਼ਾਂ ਵਿੱਚ ਅੱਗ ਲੱਗਣ ਵਾਲੇ ਇਲਾਕੇ ਦੇ ਥਾਣਾ ਮੁਖੀ ਨੂੰ ਇਸ ਲਈ ਜਿੰਮੇਵਾਰ ਕਰਾਰ ਦਿੱਤਾ ਹੈ, ਸੋ ਸਾਰੇ ਥਾਣਾ ਮੁਖੀ ਪਰਾਲੀ ਦੀ ਅੱਗ ਨੂੰ ਗੰਭੀਰਤਾ ਨਾਲ ਲੈਣ । ਉਹਨਾਂ ਕਿਹਾ ਕਿ ਫਿਲਹਾਲ ਸਾਰੇ ਥਾਣਾ ਮੁਖੀ ਅਤੇ ਡੀਐਸਪੀ ਆਪਣੇ ਇਲਾਕੇ ਵਿੱਚ ਕਿਸਾਨ ਅਤੇ ਕਿਸਾਨ ਯੂਨੀਅਨ ਨਾਲ ਇਸ ਬਾਬਤ ਮੀਟਿੰਗਾਂ ਕਰਕੇ ਸੁਪਰੀਮ ਕੋਰਟ ਅਤੇ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾ ਦੇਣ ਤਾਂ ਜੋ ਭਵਿੱਖ ਵਿੱਚ ਕੋਈ ਸਮੱਸਿਆ ਨਾ ਆਵੇ।  ਜੇਕਰ ਫਿਰ ਵੀ ਕੋਈ ਅੱਗ ਲਗਾਉਂਦਾ ਹੈ ਤਾਂ ਐਫਆਈਆਰ ਦਰਜ ਕੀਤੀ ਜਾਵੇ।