ਸਿਹਤ ਵਿਭਾਗ ਫਾਜਿਲਕਾ ਵੱਲੋਂ ਕੌਮੀ ਖੁਰਾਕ ਹਫ਼ਤੇ ਦੇ ਸਬੰਧ ਵਿੱਚ ਜਾਗਰੂਕਤਾ ਸਮਾਗਮ ਸਰਕਾਰੀ ਸਿਵਿਲ ਹਸਪਤਾਲ ਫਾਜਿਲਕਾ ਵਿਖੇ ਕੀਤਾ ਗਿਆ

Fazilka Politics Punjab

ਫਾਜ਼ਿਲਕਾ, 4 ਸਤੰਬਰ

ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਾ ਐਡੀਸਨ ਐਰਿਕ ਕਾਰਜਕਾਰੀ ਸਿਵਲ ਸਰਜਨ ਫਾਜਿਲਕਾ ਦੀ ਦੇਖ ਰੇਖ ਵਿੱਚ ਜਿਲ੍ਹਾ ਫਾਜਿਲਕਾ ਵਿੱਚ 1 ਤੋਂ 7 ਸਤੰਬਰ ਤੱਕ ਸਮਾਰਟ ਫੀਡਿੰਗ ਥੀਮ ਹੇਠ ਕੌਮੀ ਖੁਰਾਕ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਸਬੰਧੀ ਜਾਗਰੂਕਤਾ ਸਮਾਗਮ ਸਰਕਾਰੀ ਸਿਵਿਲ ਹਸਪਤਾਲ ਫਾਜਿਲਕਾ ਵਿਖੇ ਕੀਤਾ ਗਿਆ।

ਇਸ ਸਮੇਂ ਡਾ ਐਰਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਖੁਰਾਕ ਹਫ਼ਤੇ ਦਾ ਉਦੇਸ਼ ਗਰਭਵਤੀ ਔਰਤਾਂ, ਨਵ ਜੰਮੇ ਬੱਚਿਆਂ ਅਤੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੇ ਨਾਲ ਨਾਲ ਹਰ ਉਮਰ ਵਰਗ ਦੇ ਲੋਕਾਂ ਨੂੰ ਸੰਤੁਲਿਤ ਭੋਜਨ ਅਤੇ ਸੰਤੁਲਿਤ ਭੋਜਨ ਦੇ ਸੋਮਿਆਂ ਸਬੰਧੀ ਜਾਗਰੂਕ ਕਰਨਾ ਹੈ ਅਤੇ ਸੰਤੁਲਿਤ ਭੋਜਨ ਨਾ ਖਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਨਾ ਹੈ। 

ਐੱਸ ਐਮ ਓ ਡਾਕਟਰ ਰੋਹਿਤ ਗੋਇਲ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਰਿੰਕੂ ਚਾਵਲਾ ਨੇ ਦੱਸਿਆ ਕਿ ਹਰ ਇਨਸਾਨ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਆਪਣੀ ਰੁਝੇਵੇ ਭਰੇ ਕੰਮਾਂ ਦੇ ਨਾਲ ਨਾਲ ਆਪਣੇ ਭੋਜਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰੇਕ ਆਦਮੀ ਨੂੰ ਰੋਜਾਨਾ ਲੋੜੀਦੀ ਮਾਤਰਾ ਵਿੱਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਪਾਣੀ, ਫੈਟ, ਵਿਟਾਮਿਨ, ਖਣਿਜ ਪਦਾਰਥਾਂ ਵਾਲਾ ਭੋਜਨ ਖਾਣਾ ਚਾਹੀਦਾ ਹੈ ਜਿਵੇਂ ਕਿ ਹਰੀਆਂ ਸਬਜ਼ੀਆਂ, ਦੁੱਧ, ਫਲ, ਉਬਲੀਆਂ ਅਤੇ ਪੁੰਗਰੀਆਂ ਦਾਲਾਂ ਆਦਿ।

ਉਹਨਾਂ ਜਾਗਰੂਕ ਕਰਦਿਆਂ ਕਿਹਾ ਕਿ ਫਾਸਟ ਫੂਡ ਤੋਂ ਪ੍ਰਹੇਜ ਕਰਕੇ ਮੌਸਮੀ ਫਲ ਅਤੇ ਸਬਜ਼ੀਆਂ, ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ, ਤਾਂ ਜੋ ਸਾਡੇ ਅੰਦਰ ਬਿਮਾਰੀਆਂ ਵਿਰੁੱਧ ਲੜਨ ਦੀ ਸਕਤੀ ਪੈਦਾ ਹੋ ਸਕੇ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਸੂਚੀ ਅਨੁਸਾਰ ਸੰਪੂਰਨ ਟੀਕਾਕਰਣ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚਾ ਆਪਣੀ ਪੂਰੀ ਜਿੰਦਗੀ 12 ਮਾਰੂ ਬਿਮਾਰੀਆਂ ਤੋਂ ਬਚਿਆ ਰਹੇ।

ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਨੇ ਦੱਸਿਆ ਕਿ ਤਲੇ ਹੋਏ, ਫਾਸਟ ਫੂਡ, ਜ਼ਿਆਦਾ ਨਮਕ, ਜ਼ਿਆਦਾ ਚੀਨੀ, ਸ਼ਰਾਬ ਅਤੇ ਸਿਗਰਟ ਤੋਂ ਪ੍ਰਹੇਜ਼ ਕੀਤਾ ਜਾਵੇ। ਅਸੰਤੁਲਿਤ ਭੋਜਨ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਹਮੇਸ਼ਾ ਸੰਤੁਲਿਤ ਭੋਜਨ ਖਾਣਾ ਚਾਹੀਦਾ ਅਤੇ ਸਰੀਰਕ ਕਸਰਤ ਵਿੱਚ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਇਸ ਦੋਰਾਨ ਡਾਕਟਰ ਅਰਪਿਤ ਗੁਪਤਾ, ਨਿਸ਼ਾਂਤ ਸੇਤੀਆ ਡਾਕਟਰ ਵਿਕਾਸ ਗਾਂਧੀ, ਐਲ ਐਚ ਵੀ ਦਵਿੰਦਰ ਕੌਰ, ਏ ਐਨ ਐਮ ਸ਼ਾਲੂ ਰਾਣੀ ਸੁਖਦੇਵ ਕੁਮਾਰ ਜਿਲ੍ਹਾ ਬੀਸੀਸੀ ਹਾਜ਼ਰ ਸਨ।