ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 3 ਸਤੰਬਰ:
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਯਤਨਾਂ ਅਤੇ ਉਪਰਾਲਿਆਂ ਤਹਿਤ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵੱਲੋਂ ਸਬ ਡਿਵੀਜ਼ਨਲ ਹਸਪਤਾਲ ਖਰੜ ਅਤੇ ਰੀਜਨਲ ਡਰੱਗ ਵੇਅਰ ਹਾਊਸ ਖਰੜ ਦਾ ਅਚਨਚੇਤ ਦੌਰਾ ਕੀਤਾ ਗਿਆ।
ਇਸ ਦੌਰੇ ਦੌਰਾਨ ਉਹਨਾਂ ਹਸਪਤਾਲ ਦੇ ਵਿੱਚ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕਰਕੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਫ਼ੀਡਬੈਕ ਲਿਆ। ਉਪ ਚੇਅਰਮੈਨ ਨੇ ਦੌਰੇ ਦੌਰਾਨ ਸਬ ਡਿਵੀਜ਼ਨਲ ਹਸਪਤਾਲ ਖਰੜ ਦੇ ਹਰ ਇੱਕ ਵਾਰਡ/ਕਮਰੇ ਵਿੱਚ ਜਾ ਕੇ, ਮਰੀਜ਼ਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਅਤੇ ਲੋਕਾਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਉਚ ਦਰਜੇ ਦੀਆਂ ਸਹੂਲਤਾਂ ਦਾ ਜਲਦ ਪ੍ਰਬੰਧ ਕਰਨ ਦਾ ਵੀ ਭਰੋਸਾ ਦਿੱਤਾ।
ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਦੱਸਿਆ ਕਿ ਅੱਜ ਅਚਨਚੇਤ ਦੌਰੇ ਦੌਰਾਨ ਸਬ ਡਿਵੀਜ਼ਨਲ ਹਸਪਤਾਲ ਖਰੜ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਕੁਝ ਕਮੀਆਂ ਉਹਨਾਂ ਦੇ ਧਿਆਨ ਦੇ ਵਿੱਚ ਆਈਆਂ ਹਨ ਜੋ ਜਲਦ ਦੂਰ ਕਰ ਦਿਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੋਈ ਹੈ ਕਿ ਅੱਜ ਅਚਨਚੇਤ ਦੌਰੇ ਦੌਰਾਨ, ਮਰੀਜ਼ਾਂ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਖੇਤਰ ਵਿੱਚ ਲਿਆਂਦੀ ਕ੍ਰਾਂਤੀ ਦੀ ਸ਼ਲਾਘਾ ਕੀਤੀ ਗਈ ਅਤੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਸਾਰਿਆਂ ਦਵਾਈਆਂ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਮੁਫ਼ਤ ਮਿਲਦੀਆਂ ਹਨ ਅਤੇ ਡਾਕਟਰਾਂ ਦੇ ਵੱਲੋਂ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਉਪਚਾਰ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜੋ ਛੋਟੀਆਂ-ਮੋਟੀਆਂ ਕਮੀਆਂ ਹਨ, ਉਹਨਾਂ ਨੂੰ ਵਿਭਾਗ ਦੇ ਵੱਲੋਂ ਜਲਦ ਦੂਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਖਰੜ ਹਸਪਤਾਲ ਦਾ ਸਾਰਾ ਹੀ ਸਟਾਫ ਬਹੁਤ ਹੀ ਲਗਨ ਦੇ ਨਾਲ ਆਪਣੀ ਡਿਊਟੀ ਨੂੰ ਕਰ ਰਿਹਾ ਹੈ।