ਸਪੀਕਰ ਸੰਧਵਾਂ ਨੇ 50 ਲੱਖ ਰੁਪਏ ਦੀ ਲਾਗਤ ਵਾਲੀ ਜੈਟਿੰਗ ਕਮ-ਸੁਪਰ ਸੱਕਸ਼ਨ ਮਸ਼ੀਨ ਕੀਤੀ ਲੋਕ ਅਰਪਿਤ 

Faridkot

ਕੋਟਕਪੂਰਾ 1 ਸਤੰਬਰ,2024

ਸ਼ਹਿਰ ਦੇ ਸੀਵਰੇਜ ਸਿਸਟਮ ਅਤੇ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਨਗਰ ਕੌਂਸਲ ਕੋਟਕਪੂਰਾ ਵਿਖੇ ਲਗਭਗ 50 ਲੱਖ ਰੁਪਏ ਦੀ ਲਾਗਤ ਵਾਲੀ ਜੈਟਿੰਗ ਮਸ਼ੀਨ-ਕਮ-ਸੁਪਰ ਸੱਕਸ਼ਨ ਮਸ਼ੀਨ ਨੂੰ ਹਰੀ ਝੰਡੀ ਦੇ ਕੇ ਲੋਕ ਅਰਪਿਤ  ਕੀਤਾ।

ਉਹਨਾਂ ਕਿਹਾ ਕਿ ਹੁਣ ਸ਼ਹਿਰ ਵਿੱਚ ਕਿਤੇ ਵੀ ਸੀਵਰੇਜ ਦੀਆਂ ਪਾਈਪਾਂ ਵਿੱਚ ਰੁਕਾਵਟ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਪਹਿਲਾਂ ਬਾਰਿਸ਼ਾਂ ਦੌਰਾਨ ਸ਼ਹਿਰ ਦੀਆਂ ਨੀਵੀਆਂ ਥਾਵਾਂ ਤੇ ਗੰਦਾ ਪਾਣੀ ਖੜ੍ਹ‌ ਜਾਣ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ । 

ਇਸ ਮਸ਼ੀਨ ਦੀ ਅਣਹੋਂਦ ਕਾਰਨ ਲੋਕ ਪਿਛਲੇ ਲੰਮੇ ਸਮੇਂ ਤੋਂ ਸੰਤਾਪ ਭੋਗ ਰਹੇ ਸਨ, ਕਿਉਂ ਜੋ ਅਜਿਹੀਆਂ ਸੱਕਸ਼ਨ ਮਸ਼ੀਨਾਂ ਰਾਹੀਂ ਸੀਵਰੇਜ ਵਿੱਚ ਆਈ ਰੁਕਾਵਟ ਨੂੰ ਦੂਰ ਕਰਨ ਲਈ ਬਾਹਰੋਂ ਮੰਗਵਾਉਣਾ ਪੈਂਦਾ ਸੀ।

ਉਹਨਾਂ ਦੱਸਿਆ ਕਿ ਇਸ ਕੰਮ ਵਿੱਚ ਅਕਸਰ ਹੀ ਨਾ- ਸਹਿਣਯੋਗ ਦੇਰੀ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਸੀ, ਇੰਨਾ ਹੀ ਨਹੀਂ ਇਸ ਸਾਰੀ ਮਸ਼ੀਨ ਮੰਗਵਾਉਣ ਦੀ ਪ੍ਰਕਿਰਿਆ ਨੂੰ ਕਈ ਕਿਸਮ ਦੀਆਂ ਫਾਈਲਾਂ/ਦਫਤਰਾਂ/ਟੈਂਡਰ ਦੀ ਪ੍ਰਕਿਰਿਆ ਵਿੱਚੋਂ ਗੁਜਰਨਾ ਪੈਂਦਾ ਸੀ ।

 ਸਪੀਕਰ ਸੰਧਵਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਲੋਕਾਂ ਲਈ ਸਿਰ ਦਰਦ ਬਣੀ ਇਹ ਸਮੱਸਿਆ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸੁਲਝਾ ਦਿੱਤੀ ਗਈ ਹੈ। ਉਨ੍ਹਾਂ ਇੱਕ ਵਾਰ ਫਿਰ ਮੁੜ ਦੁਹਰਾਇਆ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਲੋਕਾਂ ਦੀ ਹਰ ਕਿਸਮ ਦੀ ਸਮੱਸਿਆ ਦੂਰ ਕਰਨ ਲਈ ਸਰਕਾਰ ਵਚਨਬੱਧ ਹੈ ।

 ਸ਼ਹਿਰ ਦੇ ਬਾਸ਼ਿੰਦਿਆਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਬੇਨਤੀ ਕੀਤੀ ਕਿ ਲੋਕ ਆਪਣੇ ਘਰਾਂ ਵਿੱਚ ਬਾਥਰੂਮ/ ਟਾਇਲਟ ਦੀਆਂ ਪਾਈਪਾਂ ਵਿੱਚ ਪਲਾਸਟਿਕ ਦੇ ਲਿਫਾਫੇ ਅਤੇ ਨਾ-ਗਲਣਯੋਗ ਚੀਜ਼ਾਂ ਨੂੰ ਨਾ ਸੁੱਟਣ । ਉਹਨਾਂ ਆਖਿਆ ਕਿ ਅਜਿਹੀਆਂ ਚੀਜ਼ਾਂ ਪਾਈਪ ਲਾਈਨ ਵਿੱਚ  ਜਾਣ ਕਾਰਨ ਪਾਈਪਾਂ ਵਿੱਚ ਰੁਕਾਵਟ ਪੈਦਾ ਕਰਨ ਵਿੱਚ ਅਹਿਮ ਯੋਗਦਾਨ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਾਣੀ ਦੇ ਪ੍ਰੈਸ਼ਰ ਰਾਹੀਂ ਪਾਈਪਾਂ ਨੂੰ ਸਾਫ਼ ਰੱਖਿਆ ਜਾਵੇ।