ਕਿਸੇ ਵੀ ਤਰ੍ਹਾਂ ਦੀ ਗੈਰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਕੀਤਾ ਵਿਚਾਰ-ਵਟਾਂਦਰਾ

Bathinda Politics Punjab

ਬਠਿੰਡਾ, 29 ਅਗਸਤ : ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੀ ਅਚਨਚੇਤੀ ਦੁਰਘਟਨਾ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਅਗਾਊਂ ਪ੍ਰਬੰਧਾਂ/ਮੌਕ ਡਰਿੱਲ ਸਬੰਧੀ ਆਰਮੀ, ਏਅਰਫੋਰਸ ਤੇ ਐਨ.ਡੀ.ਆਰ.ਐਫ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਵਲੋਂ ਸਾਂਝੇ ਤੌਰ ‘ਤੇ ਕੀਤੇ ਜਾਣ ਵਾਲੇ ਯਤਨਾਂ ਤੇ ਗਤੀਵਿਧੀਆਂ ਬਾਰੇ ਵਿਸ਼ੇਸ਼ ਬੈਠਕ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਤੇ ਖਤਰੇ ਵਾਲੀਆਂ ਉਦਯੋਗਿਕ ਇਕਾਈਆਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਤੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਵਲੋਂ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੀਆਂ ਅਚਨਚੇਤੀ ਦੁਰਘਟਨਾਵਾਂ ਅਤੇ ਸੰਭਾਵੀ ਗੈਰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ, ਆਰਮੀ, ਏਅਰਫੋਰਸ ਅਤੇ ਐਨ.ਡੀ.ਆਰ.ਐਫ ਤੋਂ ਇਲਾਵਾ ਸਮੂਹ ਕੈਮੀਕਲਜ਼ ਤੇ ਹੋਰ ਵੱਡੇ ਉਦਯੋਗਾਂ ਵਲੋਂ ਆਪੋ-ਆਪਣੇ ਪੱਧਰ ਅਤੇ ਸਾਂਝੇ ਤੌਰ ’ਤੇ ਕੀਤੀਆਂ ਜਾਣ ਵਾਲੀਆਂ ਅਗਾਊਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਗੈਸ ਤੇ ਹੋਰ ਕੈਮੀਕਲਜ਼ ਦੀ ਵਰਤੋਂ ਕਰਨ ਵਾਲੇ ਅਦਾਰਿਆਂ ਦੇ ਨੁਮਾਇੰਦਿਆਂ ਨਾਲ ਨਿਯਮਤ ਤੌਰ ‘ਤੇ ਮੀਟਿੰਗ ਕੀਤੀ ਜਾਵੇ, ਤਾਂ ਜੋ ਰਸਾਇਣਕ ਦੁਰਘਟਨਾਵਾਂ ਵਾਪਰਨ ਦੀ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਵਿਭਾਗਾਂ ਤੇ ਸਬੰਧਤ ਅਦਾਰੇ ਵਿੱਚ ਤਾਲਮੇਲ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਘਟਨਾ ਨਾਲ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨਿਕ, ਆਰਮੀ, ਏਅਰਫੋਰਸ, ਐਨ.ਡੀ.ਆਰ.ਐਫ, ਪੁਲਿਸ, ਸਿਹਤ ਵਿਭਾਗ ਤੇ ਫਾਇਰ ਬ੍ਰਿਗੇਡ ਦੀ ਅਹਿਮ ਭੂਮਿਕਾ ਹੁੰਦੀ ਹੈ ਤੇ ਇਨ੍ਹਾਂ ਵਿਭਾਗਾਂ ਨੂੰ ਸੰਕਟਕਾਲੀਨ ਸਥਿਤੀ ਨਾਲ ਸਾਂਝੇ ਤੌਰ ’ਤੇ ਨਜਿੱਠਣ ਲਈ ਹਰ ਵੇਲੇ ਚੌਕਸ ਰਹਿਣ ਦੀ ਲੋੜ ਹੈ।

ਇਸ ਮੌਕੇ ਐਸਡੀਐਮ ਰਾਮਪੁਰਾ ਸ਼੍ਰੀ ਕੰਵਰਜੀਤ ਸਿੰਘ ਮਾਨ, ਐਸਡੀਐਮ ਮੌੜ ਸ਼੍ਰੀ ਨਰਿੰਦਰ ਸਿੰਘ, ਐਸਡੀਐਮ ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਜੱਸਲ, ਆਰਮੀ, ਏਅਰਫੋਰਸ ਅਤੇ ਐਨ.ਡੀ.ਆਰ.ਐਫ ਦੇ ਅਧਿਕਾਰੀ ਆਦਿ ਹਾਜ਼ਰ ਸਨ।