ਯੁਵਕ ਸੇਵਾਵਾਂ ਵਿਭਾਗ ਵਲੋਂ ਨੌਜਵਾਨਾਂ ਦੇ ਜੀਵਨ ਮਿਆਰ, ਸਮਾਜਿਕ-ਸੱਭਿਆਚਾਰਕ ਤੇ ਨੈਤਿਕ ਪੱਧਰ ਨੂੰ ਉੱਚਾ ਚੁੱਕਣ ਲਈ ਰਾਜ ਪੱਧਰੀ ਯੂਥ ਕਲੱਬ ਵਰਕਸ਼ਾਪ

S.A.S Nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਗਸਤ, 2024:

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੁਵਕ ਸੇਵਾਵਾਂ ਵਿਭਾਗ ਵਲੋਂ ਨੌਜਵਾਨਾਂ ਦੇ ਜੀਵਨ ਮਿਆਰ, ਸਮਾਜਿਕ-ਸੱਭਿਆਚਾਰਕ ਤੇ ਨੈਤਿਕ ਪੱਧਰ ਨੂੰ ਉੱਚਾ ਚੁੱਕਣ ਲਈ ਰਾਜ ਪੱਧਰੀ ਯੂਥ ਕਲੱਬ ਵਰਕਸ਼ਾਪ ਖਾਲਸਾ ਕਾਲਜ ਟੈਕਨੋਲੋਜੀ ਐਂਡ ਬਿਜਨਸ ਸਟੱਡੀਜ਼, ਮੋਹਾਲੀ ਵਿਖੇ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹਾ ਮੋਹਾਲੀ ਦੇ ਯੂਥ ਕਲੱਬਾਂ ਅਤੇ ਕਾਲਜ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
      ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਵਲੋਂ ਵਰਕਸ਼ਾਪ ਵਿੱਚ ਆਏ ਮੁੱਖ ਮਹਿਮਾਨਾਂ, ਸਮੂਹ ਯੂਥ ਕਲੱਬਾਂ ਦੇ ਮੈਂਬਰਾਂ, ਵਲੰਟੀਅਰਾਂ ਆਦਿ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਦੀ ਯੁਵਾ ਪੀੜ੍ਹੀ ਨੂੰ ਸਹੀ ਸੇਧ ਦੇਣ ਲਈ ਯੂਥ ਕਲੱਬ ਵਰਕਸ਼ਾਪ ਪੰਜਾਬ ਸਰਕਾਰ ਦਾ ਇੱਕ ਅਹਿਮ ਉਪਰਾਲਾ ਹੈ। ਵਰਕਸ਼ਾਪ ਦੇ ਰਿਸੋਰਸ ਪਰਸਨ ਅੰਕਿਤ ਛਾਬੜਾ ਸੀ.ਓ. ਫਾਊਂਡਰ ਅਤੇ ਕੰਵਲਪ੍ਰੀਤ ਸਿੰਘ ਜੱਜ ਪ੍ਰੋਗਰਾਮ ਮੈਨੇਜਰ ਸਾਂਝੀ ਸਿੱਖਿਆ ਵਲੋਂ ਯੂਥ ਵਰਕਸ਼ਾਪ ਵਿੱਚ ਪਹੁੰਚੇ ਭਾਗੀਦਾਰਾਂ ਨਾਲ “ਜੋਏ ਆਫ਼ ਲਰਨਿੰਗ ਕੀ ਹੈ?”, ਆਪਣੇ ਨਾਲ ਜੁੜੋ, ਦੋਸਤ ਬਣਾਓ ਅਤੇ ਕਿਸੇ ਪ੍ਰਤੀ ਜ਼ਿੰਮੇਵਾਰੀ ਲੈਣਾ ਇਸ ਤੋਂ ਇਲਾਵਾ ਕਲਾ ਅਤੇ ਸ਼ਿਲਪਕਾਰੀ, ਨਿੱਜੀ ਆਦਤਾਂ ਬਾਰੇ ਚਰਚਾ, ਆਮ ਗਿਆਨ, ਆਦਿ ਵਿਸ਼ਿਆਂ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਸ਼ਾਮਲ ਭਾਗੀਦਾਰਾਂ ਵਲੋਂ ਬੜੀ ਹਾਜ਼ਰ-ਜੁਆਬੀ ਨਾਲ ਹਿੱਸਾ ਲਿਆ ਗਿਆ, ਜਿਸ ਨਾਲ ਨੌਜਵਾਨਾਂ ਵਿੱਚ ਆਤਮ-ਵਿਸ਼ਵਾਸ਼ ਦੀ ਭਾਵਨਾ ਉਜਾਗਰ ਹੋਈ।
     ਵਰਕਸ਼ਾਪ ਦੀ ਸਮਾਪਤੀ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਵਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕੀਤੀ ਗਈ। ਉਨ੍ਹਾਂ ਵਲੋਂ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰੀ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਥ ਵਰਕਸ਼ਾਪ ਨੌਜਵਾਨਾਂ ਵਿੱਚ ਇੱਕ ਨਵਾਂ ਉਤਸ਼ਾਹ ਲੈ ਕੇ ਆਈ ਹੈ। ਸ੍ਰੀਮਤੀ ਲਖਵਿੰਦਰ ਕੌਰ ਸਹਾਇਕ ਪ੍ਰੋਫੈਸਰ ਵਲੋਂ ਵਰਕਸ਼ਾਪ ਦੌਰਾਨ ਨੋਡਲ ਅਫਸਰ ਦੀ ਭੂਮਿਕਾ ਨਿਭਾਈ ਗਈ। ਵਰਕਸ਼ਾਪ ਦੇ ਅੰਤ ਵਿੱਚ ਵਲੰਟੀਅਰਾਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਤੋਂ ਇਲਾਵਾ ਵਰਕਸ਼ਾਪ ਦੌਰਾਨ ਸ੍ਰੀਮਤੀ ਰਮਨਦੀਪ ਕੌਰ ਜੂਨੀ. ਸਹਾਇਕ, ਸ੍ਰੀਮਤੀ ਚਰਨਜੀਤ ਕੌਰ ਸਟੈਨੋਟਾਈਪਿਸਟ, ਮਿਸ. ਪੂਨਮ ਸਟੈਨੋਟਾਈਪਿਸਟ ਆਦਿ ਹਾਜ਼ਰ ਸਨ।