275 ਅਵਾਰਾ ਕੁੱਤਿਆਂ ਨੂੰ ਹਲਕਾਅ ਦੇ ਬਚਾਅ ਲਈ ਕੀਤਾ ਗਿਆ ਟੀਕਾਕਰਨ

Fazilka

ਅਬੋਹਰ, 12 ਅਗਸਤ

ਕਮਿਸ਼ਨਰ ਨਗਰ ਨਿਗਮ-ਕਮ-ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਹੇਠ ਨਗਰ ਨਿਗਮ ਅਤੇ ਪਸ਼ੂ ਪਾਲਣ ਵਿਭਾਗ ਵਲੋਂ ਅਬੋਹਰ ਦੀ ਹਦੂਦ ਅੰਦਰ ਅਵਾਰਾ ਕੁੱਤਿਆਂ ਨੂੰ ਹਲਕਾਅ ਦੇ ਬਚਾਅ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਇਸੇ ਲੜੀ ਤਹਿਤ ਹੁਣ ਤੱਕ 275 ਅਵਾਰਾ ਕੁਤਿਆਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਟੀਕਾਕਰਨ ਕੀਤਾ ਗਿਆ।

ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਚੰਡੀਗੜ੍ਹ ਮੁਹੱਲਾ, ਕੰਧਵਾਲਾ ਰੋਡ, ਇੰਦਰਾ ਨਗਰੀ, ਕਲਿਆਣ ਭੂਮੀ ਰੋਡ, ਸ਼ਮਸ਼ਾਨ ਘਾਟ ਨੇੜੇ ਰਾਮ ਨਗਰ, ਆਰਿਆ ਨਗਰ, ਨਵੀ ਆਬਾਦੀ ਵਿਖੇ ਟੀਕਾਕਰਨ ਮੁਹਿੰਮ ਚਲਾਈ ਗਈ ਹੈ ਅਤੇ ਇਸ ਟੀਕਾਕਰਨ ਮੁਹਿੰਮ ਤਹਿਤ ਅਬੋਹਰ ਦੇ ਵੱਖ-ਵੱਖ ਏਰੀਏ ਨੂੰ ਕਵਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਤੇ ਘੁੰਮ ਰਹੇ ਕੁੱਤਿਆਂ ਨੂੰ ਫੜ ਕੇ ਹਲਕਾਅ ਰੋਕੂ ਟੀਕਾਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਤੋਂ ਬਿਮਾਰੀਆਂ ਨਾ ਫੈਲਣ।  ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਟੀਕਾਕਰਨ ਮੁਹਿੰਮ ਲਾਜ਼ਮੀ ਹੈ।

ਉਨ੍ਹਾਂ ਦੱਸਿਆ ਕਿ ਅਵਾਰਾ ਕੁੱਤਿਆਂ ਨੂੰ ਕਾਬੂ ਕਰ ਕੇ ਟੀਕਾਕਰਨ ਕਰਨ ਤੋਂ ਬਾਅਦ ਕੁੱਤਿਆਂ ਦੀ ਮਾਰਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਟੀਕਾਕਰਨ ਹੋ ਚੁੱਕੇ ਦੀ ਪਹਿਚਾਣ ਹੋ ਸਕੇ।
ਇਸ ਕਾਰਜ ਵਿੱਚ ਸੈਨਟਰੀ ਇੰਸਪੈਕਟਰ ਨਗਰ ਨਿਗਮ ਅਬੋਹਰ ਕਰਤਾਰ ਸਿੰਘ, ਸੋਨੂ ਬੁਲੰਦੀ ਸੁਪਰਵਾਈਜ਼ਰ ਆਦਿ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।