ਲੁਧਿਆਣਾ, 04 ਅਗਸਤ (000) – ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਗੁਹਾਰ ਲਗਾਈ ਗਈ ਕਿ ਵਿਧਾਨ ਸਭਾ ਹਲਕਾ ਆਤਮ ਨਗਰ ਵਿਖੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।
ਵਿਧਾਇਕ ਸਿੱਧੂ ਨੇ ਦੱਸਿਆ ਕਿ ਬਿਜਲੀ ਦੀਆਂ ਸਮੱਸਿਆਵਾਂ ਸਬੰਧੀ ਉਨ੍ਹਾਂ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਮੁਹੱਲਿਆਂ ਦੀਆਂ ਸੋਸਾਇਟੀਆਂ/ਜੱਥੇਬੰਦੀਆਂ ਵੱਲੋਂ ਮੰਗ ਪੱਤਰ ਸੌਂਪੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਿਜਲੀ ਕੱਟਾਂ ਤੋਂ ਪੀੜ੍ਹਤ ਲੋਕਾਂ ਦੀਆਂ ਹਜ਼ਾਰਾਂ ਕਾਲਾਂ ਆ ਰਹੀਆਂ ਹਨ ਜਿਹੜਾ ਕਿ ਉਨ੍ਹਾਂ ਲਈ ਪਰੇਸ਼ਾਨੀ ਦਾ ਸਵੱਬ ਬਣਿਆ ਹੋਇਆ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਹਲਕਾ ਆਤਮ ਨਗਰ ਬਹੁ-ਗਿਣਤੀ ਕਿਰਤੀ ਅਤੇ ਲਘੂ-ਉਦਯੋਗਪਤੀਆਂ ਦਾ ਰਹਿਣ ਬਸੇਰਾ ਹੈ ਜੋਕਿ ਛੋਟੇ ਕਾਰੋਬਾਰੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਕਿਰਤੀ ਲੋਕਾਂ ਨੂੰ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਜਿੱਥੇ ਸਾਰਾ ਦਿਨ ਅਣਥੱਕ ਮਿਹਨਤ ਕਰਨੀ ਪੈਂਦੀ ਹੈ ਉੱਥੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਰਾਤ ਨੂੰ ਚੈਨ ਨਾਲ ਸੌਣਾ ਵੀ ਨਸੀਬ ਨਹੀਂ ਹੁੰਦਾ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਇੱਕ ਪਾਸੇ ਕੁਦਰਤੀ ਕ੍ਰੋਪੀ ਸਦਕਾ ਪਹਾੜ੍ਹੀ ਖੇਤਰਾਂ ਵਿੱਚ ਬੱਦਲ ਫਟਣ ਅਤੇ ਹੜ੍ਹ ਵਰਗੀਆਂ ਮੰਦਭਾਗੀਆਂ ਖ਼ਬਰਾਂ ਆ ਰਹੀਆਂ ਹਨ ਦੂਜੇ ਪਾਸੇ ਬਰਸਾਤ ਘੱਟ ਪੈਣ ਕਾਰਨ ਪੰਜਾਬ ਵਿੱਚ ਖਾਸਕਰ ਲੁਧਿਆਣਾ ਵਰਗੇ ਸਨਅਤੀ ਸ਼ਹਿਰ ਵਿੱਚ ਉਮਸ ਭਰਿਆ ਮੌਸਮ ਹੈ ਜੋ ਬਜ਼ੁਰਗਾਂ ਅਤੇ ਬੱਚਿਆ ਲਈ ਬੇਹੱਦ ਘਾਤਕ ਸਿੱਧ ਹੋ ਰਿਹਾ ਹੈ।
ਉਨ੍ਹਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਇਹ ਵੀ ਅਪੀਲ ਕੀਤੀ ਕਿ ਹਲਕਾ ਆਤਮ ਨਗਰ ਵਿੱਚ ਜਿੱਥੇ ਕਿਤੇ ਵਾਧੂ ਲੋਡ ਕਾਰਨ ਨਵੇਂ ਟਰਾਂਸਫਾਰਮ ਲਗਾਉਣ ਦੀ ਲੋੜ ਹੈ ਤੁਰੰਤ ਲਗਵਾਏ ਜਾਣ ਜਾਂ ਲੋਡ ਵੀ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿੱਥੇ ਕਿਤੇ ਲੋੜ ਹੈ ਨਵੀਂਆਂ ਤਾਰਾਂ ਪਾਉਣ ਲਈ ਵੀ ਪੀ.ਐਸ.ਪੀ.ਸੀ.ਐਲ. ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਬਿਜਲੀ ਸੰਕਟ ਤੋਂ ਛੁਟਕਾਰਾ ਮਿਲ ਸਕੇ।