ਕੀਤੇ ਵਾਅਦੇ ਨੂੰ ਪੂਰਦਿਆਂ ਹੁਣ ਸਰਕਾਰਾਂ ਪਿੰਡਾਂ ਦੀਆਂ ਸੱਥਾਂ ਵਿੱਚੋਂ ਚੱਲਣ ਲੱਗੀਆਂ, ਲੋਕਾਂ ਨੂੰ ਕੈਪਾਂ ਰਾਹੀਂ ਉਹਨਾਂ ਦੇ ਘਰਾਂ ਮੂਹਰੇ ਮਿਲ ਰਹੀਆਂ ਸਰਕਾਰੀ ਸੇਵਾਵਾਂ-ਵਿਧਾਇਕ ਅਮਨਦੀਪ ਕੌਰ ਅਰੋੜਾ

Moga

ਮੋਗਾ 1 ਅਗਸਤ

ਆਮ ਆਦਮੀ ਪਾਰਟੀ ਨੇ ਆਮ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਬਹੁਤੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ ਅਤੇ ਰਹਿੰਦੇ ਵਾਅਦਿਆਂ ਨੂੰ ਪੂਰਾ ਕਰਨ ਲਈ ਪੁਰਜੋਰ ਯਤਨ ਜਾਰੀ ਹਨ।  ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਰਕਾਰਾਂ ਪਿੰਡਾਂ ਦੀਆਂ ਸੱਥਾਂ ਵਿੱਚੋਂ ਚੱਲਿਆ ਕਰਨਗੀਆਂ ਅਤੇ ਲੋਕਾਂ ਦੇ ਸਰਕਾਰੀ ਕੰਮ ਪੂਰੀ ਪਾਰਦਰਸ਼ਤਾ ਤੇ ਬਿਨ੍ਹਾਂ ਕਿਸੇ ਸਿਫਾਰਿਸ਼ ਦੇ ਹੋਣਗੇ, ਜਿਹੜਾ ਕਿ ਹੁਣ ਹੋ ਰਿਹਾ ਹੈ। ਸਰਕਾਰੀ ਨੌਕਰੀਆਂ ਪੂਰੀ ਤਰ੍ਹਾਂ ਨਾਲ ਯੋਗ ਉਮੀਦਵਾਰਾਂ ਨੂੰ ਮਿਲ ਰਹੀਆਂ ਹਨ, ਬਿਜਲੀ ਦੀ ਗਰੰਟੀ ਵੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਹੀ ਪੂਰੀ ਕਰ ਦਿੱਤੀ ਸੀ। ਪਾਰਟੀ ਵੱਲੋਂ ਡੋਰ ਸਟਿੱਪ ਡਿਲਿਵਰੀ ਸਕੀਮ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਹੁਣ ਬੰਦ ਹੋ ਗਈ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਘੱਲ ਕਲਾਂ ਵਿਖੇ ਆਯੋਜਿਤ ਕੀਤੇ ਕੈਂਪ ਦੀ ਸਮੀਖਿਆ ਲੈਣ ਮੌਕੇ ਕੀਤਾ। ਇਸ ਕੈਂਪ ਵਿੱਚ ਡਰੋਲੀ ਭਾਈ, ਘੱਲ ਕਲਾਂ, ਸਲੀਣਾ, ਖੋਸਾ ਪਾਂਡੋ, ਰੱਤੀਆਂ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਉਹਨਾਂ ਨਾਲ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਵੀ ਮੌਜੂਦ ਸਨ। ਡਾ. ਅਮਨਦੀਪ ਕੌਰ ਅਰੋੜਾ ਨੇ ਕੈਂਪ ਵਿੱਚ ਆਮ ਲੋਕਾਂ ਨਾਲ ਉਹਨਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਰੀਵਿਊ ਲਿਆ ਅਤੇ ਸਰਕਾਰੀ ਅਧਿਕਾਰੀਆਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਕਿ ਲੋਕਾਂ ਦੀ ਖੱਜਲ ਖੁਆਰੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਕੇ ਕਿਹਾ ਹੁਣ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਇਹਨਾਂ ਕੈਪਾਂ ਦਾ ਵੀ ਮੁੱਖ ਮੰਤਰੀ ਪੰਜਾਬ ਰੀਵਿਊ ਲੈ ਰਹੇ ਹਨ।  ਉਹਨਾਂ ਦੇ ਦਫਤਰ ਲੋਕਾਂ ਨੇ ਕੈਂਪ ਦੇ ਪ੍ਰਬੰਧਾਂ ਅਤੇ ਇਥੇ ਮਿਲ ਰਹੀਆਂ ਸੇਵਾਵਾਂ ਪ੍ਰਤੀ ਸੰਤੁਸ਼ਟੀ ਪ੍ਰਗਟਾਈ।  ਉਹਨਾਂ ਦੱਸਿਆ ਕਿ ਸ਼ਾਸ਼ਨ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਇਨ੍ਹਾਂ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਮੌਕੇ ਉੱਪਰ ਹੀ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਇਹਨਾਂ ਕੈਂਪਾਂ ਦਾ ਮਹੀਨਾਵਾਰ ਅਗਾਊਂ ਸ਼ਡਿਊਲ ਜਾਰੀ ਕਰਕੇ ਲੋਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਇਹਨਾਂ ਕੈਂਪਾਂ ਦਾ ਲਾਹਾ ਲੈ ਸਕਣ। ਉਹਨਾਂ ਦੱਸਿਆ ਕਿ ਹੁਣ 2 ਅਗਸਤ ਨੂੰ ਕਿਸ਼ਨਪੁਰਾ ਕਲਾਂ ਦੇ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਵਿਖੇ ਕਿਸ਼ਨਪੁਰਾ ਕਲਾਂ, ਇੰਦਰਗੜ੍ਹ, ਕਿਸ਼ਨਪੁਰਾ ਖੁਰਦ, ਬੱਦੂਵਾਲ, ਫਤਿਹਪੁਰ ਕੰਨੀਆਂ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾਵੇਗਾ।