ਨਸ਼ਿਆਂ ਦੇ ਖਾਤਮੇ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ-ਜ਼ਿਲ੍ਹਾ ਸਿਖਿਆ ਅਫਸਰ

Fazilka

ਫਾਜ਼ਿਲਕਾ, 1 ਅਗਸਤ

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿਖੇ ਆਮ ਲੋਕਾਂ, ਨੋਜਵਾਨਾਂ ਤੇ ਵਿਦਿਆਰਥੀ ਵਰਗ ਅੰਦਰ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਸਮੇਂ-ਸਮੇਂ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸਿਖਿਆ ਵਿਭਾਗ ਵੱਲੋਂ ਨਸ਼ਿਆਂ ਖਿਲਾਫ ਜਾਰੀ ਡੈਪੋ/ਬਡੀਜ ਮੁਹਿੰਮ ਤਹਿਤ ਸਮਾਗਮ ਦਾ ਆਯੋਜਨ ਕਰਦਿਆਂ ਜਾਗਰੂਕਤਾ ਸੰਦੇਸ਼ ਦੇਣ ਦੇ ਨਾਲ-ਨਾਲ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ।

ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ. ਬ੍ਰਿਜ ਮੋਹਨ ਸਿੰਘ ਬੇਦੀ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨਾਲ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪੰਕਜ ਕੁਮਾਰ ਅੰਗੀ, ਸਕੂਲ ਆਫ ਐਮੀਨਾਸ ਫਾਜ਼ਿਲਕਾ ਦੇ ਪ੍ਰਿੰਸੀਪਲ ਸ੍ਰੀ ਹਰੀ ਚੰਦ, ਜੋਗਿੰਦਰ ਲਾਲ, ਭਾਸ਼ਾ ਅਫਸਰ ਸ੍ਰੀ ਭੂਪਿੰਦਰ ਉਤਰੇਜਾ ਮੌਜੂਦ ਸਨ।

ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ. ਬ੍ਰਿਜ ਮੋਹਨ ਸਿੰਘ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਸਰਗਰਮ ਹੈ ਤੇ ਨਸ਼ਿਆਂ ਦੀ ਰੋਕਥਾਮ ਲਈ ਪੁਰਜੋਰ ਪਹਿਲਕਦਮੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਸਪਲਾਈ ਤੋੜਨ ਵੱਲ ਕਦਮ ਚੁੱਕਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿੰਦੀਆਂ ਆਪਣੀ ਸਿਹਤ ਤੇ ਤੰਦਰੁਸਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕਾਰਾਤਮਕ ਗਤੀਵਿਧੀਆਂ ਜਿਵੇਂ ਕਿ ਜਿੰਮ, ਕਸਰਤ ਅਤੇ ਖੇਡਾਂ ਵਿਚ ਆਪਣੇ ਆਪ ਨੂੰ ਵਿਅਸਤ ਰੱਖਣਾ ਚਾਹੀਦਾ ਹੈ ਤਾਂ ਜੋ ਨਸ਼ੇ ਵਰਗੀਆਂ ਮਾੜੀਆਂ ਕੁਰੀਤੀਆਂ ਵੱਲ ਧਿਆਨ ਜਾਵੇ ਹੀ ਨਾ। ਉਨ੍ਹਾਂ ਕਿਹਾ ਕਿ ਮਾੜੀ ਸੰਗਤ ਤੇ ਮਾੜੀ ਆਦਤਾਂ ਦਾ ਤਿਆਗ ਕਰਦੇ ਹੋਏ ਜਿੰਦਗੀ ਵਿਚ ਟੀਚਾ ਮਿਥਣਾ ਚਾਹੀਦਾ ਹੈ ਤੇ ਉਸ ਟੀਚੇ ਦੀ ਪ੍ਰਾਪਤੀ ਲਈ ਯਤਨ ਕਰਦੇ ਚਾਹੀਦੇ ਹਨ।

ਇਸ ਮੌਕੇ ਜਿਲਾ ਨੋਡਲ ਅਫਸਰ ਸ੍ਰੀ ਵਿਜੇਪਾਲ ਅਤੇ ਜਿਲਾ ਕੋਆਰਡੀਨੇਟਰ ਸ੍ਰੀ ਗੁਰਛਿੰਦਰ ਪਾਲ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਦੇ ਨਾਲ-ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਕੀਤੇ ਗਏ ਮਾਰਗਦਰਸ਼ਨ *ਤੇ ਚੱਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਿਖਿਆ ਵਿਭਾਗ ਵੱਲੋਂ ਸਮੇਂ-ਸਮੇਂ *ਤੇ ਨਸ਼ਿਆਂ ਖਿਲਾਫ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਚਾਹੇ ਉਹ ਜਾਗਰੂਕਤਾ ਸੈਮੀਨਾਰ ਦੇ ਰੂਪ ਵਿਚ ਜਾਂ ਨਸ਼ਿਆਂ ਖਿਲਾਫ ਵੱਖ-ਵੱਖ ਮੁਕਾਬਲਿਆਂ ਰਾਹੀ ਹੋਵੇ।

ਉਨ੍ਹਾਂ ਕਿਹਾ ਕਿ ਪਹਿਲਾਂ ਇਹ ਮੁਕਾਬਲੇ ਸਕੂਲ ਪੱਧਰ *ਤੇ, ਫਿਰ ਬਲਾਕ ਪੱਧਰ, ਤਹਿਸੀਲ ਪੱਧਰ *ਤੇ ਅਤੇ ਹੁਣ ਜ਼ਿਲ੍ਹਾ ਪੱਧਰ *ਤੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁਕਾਬਲਿਆਂ ਦੇ ਰਾਹੀਂ ਵਿਦਿਆਰਥੀ ਵਰਗ ਨੂੰ ਨਸ਼ਿਆ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਵੱਖ-ਵੱਖ ਸਕੂਲਾਂ ਤੋਂ ਗਾਈਡ ਅਧਿਆਪਕ ਅਤੇ ਵਧੇਰੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ।

ਇਨ੍ਹਾਂ ਮੁਕਾਬਲਿਆਂ ਵਿਚ ਜੱਜ ਸਾਹਿਬਾਨ ਦਾ ਰੋਲ ਕੁਲਜੀਤ ਭੱਟੀ, ਵਿਕਾਸ ਕੰਬੋਜ, ਸ਼ਮਸ਼ੇਰ ਸਿੰਘ, ਅੰਜੂ ਰਾਣੀ, ਵਨੀਤਾ ਕਟਾਰੀਆ, ਸੁਮਨ ਬਾਲਾ ਨੇ ਅਦਾ ਕੀਤਾ। ਸਟੇਜ ਸੰਚਾਲਨ ਦੀ ਭੁਮਿਕਾ ਸੁਰਿੰਦਰ ਕੰਬੋਜ ਨੇ ਬਾਖੂਬੀ ਢੰਗ ਨਾਲ ਨਿਭਾਈ। ਪ੍ਰਬੰਧਕੀ ਟੀਮ ਵਿਚ ਸ੍ਰੀ ਸਤਿੰਦਰ ਸਚਦੇਵਾ, ਸ੍ਰੀ ਗੌਰਵ ਸੇਤੀਆ, ਸ੍ਰੀ ਹਿਮਾਂਸ਼ੂ ਗਾਂਧੀ, ਵਿਸ਼ੂ ਦੂਮੜਾ, ਨਿਸ਼ਾਂਤ ਅਗਰਵਾਲ ਸ਼ਾਮਿਲ ਸਨ। ਭਾਰਤੀ ਏਅਰਟੈਲ ਫਾਊਂਡੇਸ਼ਨ ਦੇ ਪ੍ਰੋਜੈਕਟ ਕੋਆਰਡੀਨੇਟਰ ਸ. ਅਮਰਜੀਤ ਸਿੰਘ ਅਤੇ ਅਕੈਡਮਿਕ ਮੈਂਟਰ ਦਵਿੰਦਰ ਕੁਮਾਰ, ਪ੍ਰਦੀਪ ਕੁਮਾਰ, ਮੰਗਾਂ ਸਿੰਘ, ਸਾਹਿਲ ਗਰਗ ਵਿਸ਼ੇਸ਼ ਸਹਿਯੋਗੀ ਰਹੇ।