ਡਿਪਟੀ ਕਮਿਸ਼ਨਰ ਨੇ ਸਾਂਝੀ ਰਸੋਈ ਦਾ ਬੱਸ ਅੱਡੇ ਵਿਖੇ ਕੀਤਾ ਉਦਘਾਟਨ

Amritsar Politics Punjab

ਅੰਮ੍ਰਿਤਸਰ, 31 ਜੁਲਾਈ (        )-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਰੈਡ ਕਰਾਸ ਦੀ ਅਗਵਾਈ ਹੇਠ ਈ ਐਮ ਸੀ ਹਸਪਤਾਲ ਅੰਮ੍ਰਿਤਸਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਜਲ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਥਾਨਕ ਬੱਸ ਸਟੈਂਡ ਦੀ ਪਾਰਕਿੰਗ ਵਿਖੇ ਲੋੜਵੰਦ ਲੋਕਾਂ ਨੂੰ 10 ਰੁਪਏ ਵਿਚ ਦੁਪਿਹਰ ਦਾ ਖਾਣਾ ਦੇਣ ਲਈ ਸਾਂਝੀ ਰਸੋਈ ਦੀ ਸ਼ੁਰੂਆਤ ਕੀਤੀ ਗਈ।

 ਇਸ ਮੌਕੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦਾ ਧੰਨਵਾਦ ਕਰਦੇ ਸ੍ਰੀ ਥੋਰੀ ਨੇ ਕਿਹਾ ਕਿ ਇੰਨਾਂ ਲੋਕਾਂ ਦੀ ਮਦਦ ਨਾਲ ਰੈਡ ਕਰਾਸ ਹੁਣ  ਰਾਹਗੀਰਾਂ, ਕਿਰਤੀਆਂ ਅਤੇ ਹੋਰ ਲੋੜਵੰਦਾਂ ਨੂੰ 10 ਰੁਪਏ ਵਿਚ ਸਾਫ-ਸੁਥਰਾ ਤੇ ਪੌਸ਼ਟਿਕ ਭੋਜਨਾ ਮਹੁੱਈਆ ਕਰਵਾਏਗਾ, ਜਿਸ ਵਿਚ ਦਾਲ, ਸਬਜੀ, ਚੌਲ ਤੇ ਰੋਟੀ ਆਦਿ ਸ਼ਾਮਿਲ ਹੋਣਗੇ ।

           ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਹਸਪਤਾਲ ਅਤੇ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਵੀ ਸਾਂਝੀ ਰਸੋਈ ਦਾ ਸਸਤਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਜਿੱਥੇ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਲੰਗਰ 24 ਘੰਟੇ ਚੱਲ ਰਿਹਾ ਹੈ, ਉੱਥੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉੱਤੇ ਲੋੜਵੰਦ ਲੋਕਾਂ ਲਈ ਰੈਡ ਕਰਾਸ ਦੀ ਸਹਾਇਤਾ ਨਾਲ ਨਾ ਮਾਤਰ ਦਰਾਂ ਉੱਤੇ ਪੌਸ਼ਟਿਕ ਭੋਜਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ , ਜਿਸ ਵਿੱਚ ਸ਼ਹਿਰ ਦੀਆਂ ਨਾਮੀ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦਾ ਵੱਡਾ ਯੋਗਦਾਨ ਹੈ। ਉਨਾਂ ਇਸ ਮੌਕੇ ਈਐਮਸੀ ਹਸਪਤਾਲ ਦੇ ਡਾਕਟਰ ਪਵਨ ਅਰੋੜਾ ਅਤੇ ਬਾਬਾ ਦੀਪ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਰੈਡ ਕ੍ਰਾਸ ਤੇ ਕਾਰਜਕਾਰੀ ਸੈਕਟਰੀ ਸ੍ਰੀ ਸੈਮਸਨ ਮਸੀਹ, ਬਾਬਾ ਦੀਪ ਸਿੰਘ ਨਿਸ਼ਕਾਮ ਜਲ ਸੇਵਾ ਸੁਸਾਇਟੀ ਦੇ ਅਹੁਦੇਦਾਰ ਫੁਲਵਿੰਦਰ ਸਿੰਘ, ਮਨਜਿੰਦਰ ਸਿੰਘ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।