7 ਰੋਜ਼ਾ ‘ਰੁਜ਼ਗਾਰ ਹੁਨਰ ਵਰਕਸ਼ਾਪ’ ਆਯੋਜਿਤ

Bathinda

ਬਠਿੰਡਾ, 31 ਜੁਲਾਈ : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨੋਜਵਾਨਾਂ ਨੂੰ ਰੋਜਗਾਰ ਦੇ ਕਾਬਿਲ ਬਣਾਉਣ ਲਈ ਨਿਰੰਤਰ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਦੇ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਵੱਲੋਂ ਕਾਲਜ ਮੈਨੇਜਮੈਂਟ ਤੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਕਾਲਜ ਕੈਂਪਸ ਵਿੱਚ 7 ਰੋਜ਼ਾ ‘ਰੁਜ਼ਗਾਰ ਹੁਨਰ ਵਰਕਸ਼ਾਪ’ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਮਹਿੰਦਰਾ ਪ੍ਰਾਈਡ ਕਲਾਸਰੂਮ ਦੀ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ।

ਇਸ ਮੌਕੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਦੱਸਿਆ ਕਿ ਇਸ ਵਰਕਸ਼ਾਪ ਦੇ ਦੋ ਸਮਾਨਾਂਤਰ ਸੈਸ਼ਨਾਂ ਲਈ ਡਾ. ਸੰਦੀਪ ਸੁਨੇਜਾ ਤੇ ਸ਼੍ਰੀ ਸੁਦੀਪ ਘੋਸ਼ ਟ੍ਰੇਨਰ ਸਨ। ਇਸ ਵਿੱਚ ਵੱਖ-ਵੱਖ ਸਟਰੀਮਾਂ ਦੇ 80 ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣਾ ਹੈ। ਇਹ ਵਪਾਰਕ ਸੰਚਾਰ, ਪੈਸਾ ਪ੍ਰਬੰਧਨ, ਡਿਜੀਟਲ ਪਛਾਣ, ਸਮੱਸਿਆ ਹੱਲ ਕਰਨ ਅਤੇ ਇੰਟਰਵਿਊ ਦੀ ਤਿਆਰੀ ਵਰਗੇ ਵੱਖ-ਵੱਖ ਵਿਸ਼ਿਆਂ ਨੂੰ ਕਵਰ ਕਰਦਾ ਹੈ।

ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਜ਼ੋਰ ਦੇ ਕੇ ਕਿਹਾ ਕਿ ਟ੍ਰੇਨਰਾਂ ਦੁਆਰਾ ਸਾਂਝੀ ਕੀਤੀ ਗਈ ਮੁਹਾਰਤ ਅਸਲ ਵਿੱਚ ਭਾਗੀਦਾਰਾਂ ਦੇ ਆਤਮ ਵਿਸ਼ਵਾਸ ਨੂੰ ਵਧਾਏਗੀ ਅਤੇ ਉਨ੍ਹਾਂ ਦੇ ਭਵਿੱਖ ਨੂੰ ਉਜਵਲ ਕਰੇਗੀ। ਇਸ ਮੌਕੇ ਐਸ.ਐਸ.ਡੀ. ਗਰਲਜ਼ ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਅਤੇ ਜਨਰਲ ਸਕੱਤਰ ਸ਼੍ਰੀ ਵਿਕਾਸ ਗਰਗ ਨੇ ਵਰਕਸ਼ਾਪ ਦੇ ਸਫਲ ਆਯੋਜਨ ਲਈ ਪ੍ਰਿੰਸੀਪਲ ਨੂੰ ਵਧਾਈ ਦਿੱਤੀ।

ਸਮਾਪਤੀ ਸੈਸ਼ਨ ਵਿੱਚ ਐਮ.ਕਾਮ-1 ਦੀ ਵਿਦਿਆਰਥਣ ਖੁਸ਼ੀ, ਬੀ.ਕਾਮ-3 ਦੀ ਵਿਦਿਆਰਥਣ ਰਿਤੂ ਗੁਪਤਾ, ਬੀ.ਬੀ.ਏ.-3 ਦੀ ਵਿਦਿਆਰਥਣ ਸਿਮਰਨਜੀਤ ਕੌਰ, ਮੈਡੀਕਲ ਸਟਰੀਮ ਦੀ ਵਿਦਿਆਰਥਣ ਕਰਮਨਪ੍ਰੀਤ ਅਤੇ ਵੰਸ਼ਿਕਾ, ਸਿਮਰਨ ਤੇ ਸੁਹਾਨਾ (ਹਿਊਮੈਨਟੀਜ਼) ਨੂੰ ਵਰਕਸ਼ਾਪ ਵਿੱਚ ਸਰਗਰਮ ਭਾਗੀਦਾਰੀ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਵਰਕਸ਼ਾਪ ਦੇ ਆਯੋਜਨ ਲਈ ਡਾ. ਤਰੂ ਮਿੱਤਲ, ਸ਼੍ਰੀਮਤੀ ਰਸ਼ਮੀ ਤਿਵਾੜੀ, ਸ਼੍ਰੀਮਤੀ ਅਨੁਪ੍ਰਿਆ, ਸ਼੍ਰੀਮਤੀ ਰੋਮੀ ਤੁਲੀ ਅਤੇ ਡਾ. ਆਸ਼ਾ ਸਿੰਗਲਾ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਵੀ ਕੀਤੀ।