ਕ੍ਰਿਸ਼ੀ ਵਿਗਿਆਨ ਕੇਂਦਰ, ਮੋਹਾਲੀ ਦੁਆਰਾ “ਸੰਯੁਕਤ ਖੇਤੀ” ਵਿਸ਼ੇ ਤੇ ਸਿਖਲਾਈ ਕੋਰਸ ਲਗਾਇਆ

S.A.S Nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਜੁਲਾਈ:

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਧੀਨ ਚੱਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਮੋਹਾਲੀ ਦੁਆਰਾ ਡਿਪਟੀ ਡਾਇਰੈਕਟਰ ਡਾ. ਬਲਬੀਰ ਸਿੰਘ ਖੱਦਾ ਦੀ ਅਗਵਾਈ ਹੇਠ ਸੰਯੁਕਤ ਖੇਤੀ ਵਿਸ਼ੇ ਤੇ ਪਿੰਡ ਝੰਡੇ ਮਾਜਰਾ ਵਿਖੇ ਮਿਤੀ 24.07.2024 ਤੋਂ 30.07.2024 ਤੱਕ ਸਿਖਲਾਈ ਕੋਰਸ ਲਗਾਇਆ ਗਿਆ। ਇਸ ਸਿਖਲਾਈ ਕੋਰਸ ਵਿੱਚ 11 ਕਿਸਾਨਾਂ ਅਤੇ 19 ਕਿਸਾਨ ਬੀਬੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਇੰਚਾਰਜ ਡਾ. ਹਰਮੀਤ ਕੌਰ ਅਤੇ ਡਾ. ਪਾਰੁਲ ਗੁਪਤਾ ਨੇ ਸੰਯੁਕਤ ਖੇਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਡਾ. ਹਰਮੀਤ ਕੌਰ ਨੇ ਮਧੂ-ਮੱਖੀ ਪਾਲਣ, ਖੁੰਭ ਕਾਸ਼ਤ, ਫ਼ਸਲਾਂ ਦੀ ਕੀੜੇ ਅਤੇ ਬਿਮਾਰੀਆਂ ਤੋਂ ਸੁਚੱਜੀ ਸੰਭਾਲ ਅਤੇ ਕੀਟ ਨਾਸ਼ਕ ਸਪਰੇਅ ਤਕਨਾਲੋਜੀ ਸੰਬੰਧੀ ਚਾਨਣਾ ਪਾਇਆ। ਡਾ. ਪਾਰੁਲ ਗੁਪਤਾ ਨੇ ਫ਼ਲਾਂ, ਸਬਜੀਆਂ ਅਤੇ ਦੁੱਧ ਦੇ ਮੁੱਲ ਵਰਧਕ ਉਤਪਾਦਾਂ ਬਾਰੇ ਦੱਸਿਆ। ਡਾ. ਮੁਨੀਸ਼ ਸ਼ਰਮਾ ਨੇ ਬਾਗਬਾਨੀ ਫ਼ਸਲਾਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ। ਡਾ. ਕੋਮਲ ਨੇ ਡੇਅਰੀ ਪਸ਼ੂਆਂ, ਮੁਰਗੀਆਂ ਦੇ ਰੱਖ-ਰੱਖਾਅ ਸੰਬੰਧੀ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੇ ਅੰਤ ਵਿੱਚ ਸਿਖਿਆਰਥੀਆਂ ਨੇ ਕੇ.ਵੀ.ਕੇ. ਟੀਮ ਦਾ ਇਸ ਪ੍ਰੋਗਰਾਮ ਨੂੰ ਉਲੀਕਣ ਲਈ ਧੰਨਵਾਦ ਕੀਤਾ।