ਮਾਨਸਾ, 27 ਜੁਲਾਈ:
ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਨੌਜਵਾਨਾਂ ਨੂੰ ਖੇਡ ਗਰਾਊਂਡਾਂ ਨਾਲ ਜੁੜਨ ਦਾ ਸੁਨੇਹਾ ਦਿੰਦੇ ਹੋਏ ਹਲਕੇ ਦੇ ਪਿੰਡ ਬੁਰਜ ਹਰੀ ਵਿੱਚ ਸ਼ਹੀਦ ਨੌਜਵਾਨ ਫੌਜੀ ਗੁਰਜਿੰਦਰ ਸਿੰਘ ਦੀ ਯਾਦ ਵਿੱਚ 55 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ, ਜਿਸ ਵਿੱਚ ਫੁੱਟਬਾਲ, ਵਾਲੀਵਾਲ, 400 ਮੀਟਰ ਦਾ ਟ੍ਰੈਕ, ਕਬੱਡੀ ਅਤੇ ਓਪਨ ਜਿੰਮ ਲਾ ਕੇ ਬੁਰਜ ਹਰੀ ਦੇ ਨੌਜਵਾਨਾਂ ਨੂੰ ਇੱਕ ਖੂਬਸੂਰਤ ਤੋਹਫ਼ਾ ਦਿੱਤਾ ਗਿਆ ਹੈ।
ਵਿਧਾਇਕ ਨੇ ਦੱਸਿਆ ਕਿ ਸਾਡੀ ਕੋਸ਼ਿਸ ਹੈ ਕਿ ਹਰ ਪਿੰਡ ਇੱਕ ਖੂਬਸੂਰਤ ਸਟੇਡੀਅਮ ਬਣਾਇਆ ਜਾਵੇਗਾ ਤਾਂ ਜੋ ਸਾਡੇ ਨੋਜਵਾਨ ਪਿੰਡਾਂ ਵਿੱਚੋਂ ਉੱਠ ਕੇ ਪੰਜਾਬ ਦਾ ਨਾਮ ਰੌਸ਼ਨ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਰੁਚੀ ਰੱਖਣ। ਉਨ੍ਹਾਂ ਦੱਸਿਆ ਕਿ ਹਲਕੇ ਦੇ 7-8 ਪਿੰਡਾ ਵਿੱਚ ਖੇਡ ਸਟੇਡੀਅਮ ਦੇ ਕੰਮ ਚੱਲ ਰਹੇ ਹਨ ਜੋ ਬਹੁਤ ਜਲਦ ਹੀ ਪੂਰੇ ਹੋ ਜਾਣਗੇ। ਇਹ ਮੁਕੰਮਲ ਹੁੰਦਿਆਂ ਹੀ ਅਗਲੇ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਏ ਜਾਣਗੇ।
ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਲੱਕ ਤੋੜਨ ਦਾ ਸਭ ਤੋਂ ਵਧੀਆ ਅਤੇ ਆਸਾਨ ਤਰੀਕਾ ਹੈ ਨੌਜਵਾਨਾਂ ਨੂੰ ਖੇਡ ਗਰਾਊਂਡ ‘ਚ ਲੈ ਕੇ ਆਉਣਾ ਅਤੇ ਇਹ ਟੀਚਾ ਅਸੀਂ ਪੂਰਾ ਕਰਨ ਦੀ ਕੋਸ਼ਿਸ ਕਰਾਂਗੇ।
ਇਸ ਮੌਕੇ ਉਨ੍ਹਾਂ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ, ਇੰਸਪੈਕਟਰ ਬੇਅੰਤ ਕੌਰ ਅਤੇ ਆਮ ਆਦਮੀ ਪਾਰਟੀ ਦੀ ਟੀਮ ਸਮੇਤ ਸਮੂਹ ਨਗਰ ਨਿਵਾਸੀ ਹਾਜਰ ਸਨ।