ਫ਼ਿਰੋਜ਼ਪੁਰ 26 ਜੁਲਾਈ 2024()
ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲਾਂ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਤ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਫ਼ਿਰੋਜ਼ਪੁਰ ਸ਼੍ਰੀਮਤੀ ਨੀਲਮ ਰਾਣੀ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਜਾ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਵਣ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਕੁਲ 11 ਬਲਾਕਾਂ ਵਿੱਚ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਵਲੋਂ ਐੱਸ.ਐੱਮ.ਸੀ. ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਾਤਵਰਨ ਨੂੰ ਸ਼ੁੱਧ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਬੜੇ ਉਤਸ਼ਾਹ ਨਾਲ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ’ਤੇ ਇਸ ਮੁਹਿੰਮ ਲਈ ਜ਼ਿਲ੍ਹਾ ਕੋਆਰਡੀਨੇਟਰ ਅਤੇ ਬਲਾਕਾਂ ਦੇ ਕੋਆਰਡੀਨੇਟਰ ਲਗਾਏ ਗਏ ਹਨ, ਜਿਸ ਨਾਲ ਉਹ ਬਾਗਬਾਨੀ ਵਿਭਾਗ ਨਾਲ ਤਾਲਮੇਲ ਕਰਕੇ ਅਤੇ ਸਕੂਲਾਂ ਵਿੱਚ ਇਸ ਨੇਕ ਕਾਰਜ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੂਟਿਆਂ ਦੇ ਆਪਾਂ ਫਲ ਖਾ ਰਹੇ ਹਾਂ ਜਾਂ ਛਾਂ ਮਾਣ ਰਹੇ ਹਾਂ ਉਨ੍ਹਾਂ ਨੂੰ ਸਾਡੀਆਂ ਪਹਿਲੀਆਂ ਪੀੜ੍ਹੀਆਂ ਨੇ ਲਗਾਇਆ ਸੀ। ਸਾਨੂੰ ਵੀ ਨਵੀਂ ਪੀੜ੍ਹੀ ਲਈ ਨਵੇਂ ਫਲਦਾਰ ਬੂਟੇ ਲਗਾ ਕੇ ਕਰਜ਼ ਉਤਾਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਫਲਦਾਰ ਬੂਟੇ ਲਗਾਉਣ ਨਾਲ ਬੱਚਿਆਂ ਨੂੰ ਨਾ ਕੇਵਲ ਸੰਤੁਲਿਤ ਖੁਰਾਕ ਮਿਲੇਗੀ ਬਲਕਿ ਇਨ੍ਹਾਂ ਬੂਟਿਆਂ ਨੂੰ ਸਾਂਭ-ਸੰਭਾਲ ਕਰਨ ਦੀ ਸਿਖਿਆ ਵੀ ਮਿਲੇਗੀ। ਮੈਡਮ ਨੀਲਮ ਰਾਣੀ ਨੇ ਅਧਿਆਪਕਾਂ ਤੋਂ ਇਲਾਵਾ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ‘ਹਰ ਮਨੁੱਖ ਲਾਵੇ ਇੱਕ ਰੁੱਖ’ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਆਪਣੇ ਘਰਾਂ ਵਿੱਚ ਨਜ਼ਦੀਕੀ ਥਾਂ ‘ਚ ਫਲਦਾਰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਲਈ ਜ਼ਿਲ੍ਹੇ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ, ਹੈੱਡ ਟੀਚਰ, ਇੰਚਾਰਜ, ਅਧਿਆਪਕ ਅਤੇ ਵਿਦਿਆਰਥੀ ਬਹੁਤ ਚਾਅ ਅਤੇ ਉਤਸ਼ਾਹ ਨਾਲ ਵਾਤਾਵਰਨ ਲਈ ਯਤਨਸ਼ੀਲ ਹਨ, ਜੋ ਕਿ ਬਹੁਤ ਸ਼ਲਾਘਾਯੋਗ ਕਦਮ ਹੈ, ਉਹ ਬੂਟਿਆਂ ਨੂੰ ਲਗਾ ਕੇ ਉਹਨਾਂ ਦੀ ਪਾਲਣ ਪੋਸ਼ਣ ਕਰਨ ਲਈ ਵੀ ਕੰਮ ਕਰ ਰਹੇ ਹਨ।