ਫਿਰੋਜ਼ਪੁਰ, 25 ਜੁਲਾਈ 2024
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਾਸ ਐਂਡ ਬਰਾਊਨ ਵਰਲਡ ਸਕੂਲ ਵਿੱਚ ਭਾਰਤੀ ਨਿਆਂ ਸੰਹਿਤਾ ਸਣੇ ਸਵੱਛ ਭਾਰਤ ਦੀ ਥੀਮ ਉੱਤੇ ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਦੱਸ ਦਈਏ ਕਿ ਦੇਸ਼ ਭਰ ਵਿੱਚ ਮੰਤਰਾਲੇ ਵੱਲੋਂ ਇਨ੍ਹਾਂ ਵਿਸ਼ਿਆਂ ‘ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਦੇਸ਼ਭਰ ਵਿੱਚ 1 ਜੁਲਾਈ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਹਨ, ਜਿਨ੍ਹਾਂ ਨੇ ਆਈਪੀਸੀ 1860, ਸੀ.ਆਰ.ਪੀ.ਸੀ. 1973 ਅਤੇ ਭਾਰਤੀ ਪ੍ਰਮਾਣ ਐਕਟ 1872 ਦੀ ਥਾਂ ਲਈ ਹੈ। ਇਨ੍ਹਾਂ ਕਾਨੂੰਨਾਂ ਦੇ ਜ਼ਰੀਏ ਆਧੁਨਿਕ ਤਕਨੀਕ ਦਾ ਭਰਪੂਰ ਇਸਤੇਮਾਲ ਅਤੇ ਇਲੈਕਟ੍ਰਾਨਿਕ ਪ੍ਰਮਾਣਾਂ ਨੂੰ ਕਾਨੂੰਨ ਦਾ ਹਿੱਸਾ ਬਣਾਉਣ ਨਾਲ ਮੁਕਦਮੇ ਦੇ ਛੇਤੀ ਨਿਪਟਾਰੇ ਦਾ ਰਸਤਾ ਸੌਖਾ ਹੋਇਆ ਹੈ।
ਉਥੇ ਹੀ ਇਸ ਮੌਕੇ ਡਿਪਟੀ ਡੀਈਓ ਨੇ ਕਿਹਾ ਕਿ ਮੰਤਰਾਲੇ ਵੱਲੋਂ ਇਸ ਥੀਮ ਉੱਤੇ ਪ੍ਰੋਗਰਾਮ ਦਾ ਆਯੋਜਨ ਇੱਕ ਚੰਗਾ ਉਪਰਾਲਾ ਹੈ, ਨਾਲ ਹੀ ਉਨ੍ਹਾਂ ਨਵੇਂ ਕਾਨੂੰਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਦੇ ਲਾਗੂ ਹੋਣ ਨਾਲ ਆਮ ਲੋਕਾਂ ਦੀਆਂ ਕਈ ਪ੍ਰੇਸ਼ਾਨੀਆਂ ਦਾ ਹੱਲ ਹੋ ਗਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਵੀ ਮੰਚ ਤੋਂ ਸੰਬੋਧਨ ਕੀਤਾ।
ਇਸ ਦੋਰਾਨ ਪੋਸਟਰ ਮੇਕਿੰਗ ਤੇ ਲੇਖ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਲੇਖ ਮੁਕਾਬਲੇ ਵਿੱਚ ਅਹਾਨਾ ਨਾਗਪਾਲ ਨੇ ਪਹਿਲਾ, ਮੰਜੂ ਨੇ ਦੂਜਾ ਅਤੇ ਮੰਤੇਜਪ੍ਰੀਤ ਕੌਰ ਨੇ ਤੀਜਾ ਤੇ ਨੀਅਤੀ ਗੋਇਲ ਨੇ ਚੌਥਾ ਸਥਾਨ ਹਾਸਲ ਕੀਤਾ। ਉੱਥੇ ਹੀ ਇਸ ਮੌਕੇ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਵਿਚ ਵੀ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿਸ ਵਿੱਚ ਮਨਦੀਪ ਕੌਰ ਨੇ ਪਹਿਲਾ, ਸ਼ਰਨਜੀਤ ਕੌਰ ਨੇ ਦੂਜਾ ਤੇ ਮਹਿਕਦੀਪ ਸਿੰਘ ਨੇ ਤੀਜਾ ਤੇ ਪੂਰਵਾ ਠਾਕੁਰ ਨੇ ਚੌਥਾ ਸਥਾਨ ਹਾਸਲ ਕੀਤਾ। ਸਾਰੇ ਜੇਤੂ ਵਿਦਿਆਰਥੀਆਂ ਨੂੰ ਮੰਚ ਤੋਂ ਸਨਮਾਨਿਤ ਕੀਤਾ ਗਿਆ।
ਬਹਿਰਹਾਲ ਸ਼ੁੱਕਰਵਾਰ ਨੂੰ ਮੰਤਰਾਲੇ ਵੱਲੋਂ ਦੇਵ ਸਮਾਜ ਕਾਲਜ ਆਫ ਵੂਮਨ ਵਿੱਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਜ਼ਿਲਾ ਸੈਸ਼ਨਸ ਜੱਜ ਵਰਿੰਦਰ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।