ਐਸ.ਏ.ਐਸ ਨਗਰ, 24 ਜੁਲਾਈ: ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੁਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੁਜ਼ਗਾਰ ਦਫ਼ਤਰ ਕਮਰਾ ਨੰ 461, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ ਨਗਰ ਵਿਖੇ ਮਿਤੀ 25 ਜੁਲਾਈ (ਵੀਰਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸਦਾ ਸਮਾਂ ਸਵੇਰੇ 10:30 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਐਸ.ਏ.ਐਸ ਨਗਰ. ਸ੍ਰੀਮਤੀ ਸੋਨਮ ਚੌਧਰੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੁਜ਼ਗਾਰ ਦੇਣ ਦਾ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੀਰਵਾਰ ਨੂੰ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਣਾ ਹੈ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਵੱਲੋਂ ਦੱਸਿਆ ਗਿਆ ਕਿ ਭਲਕੇ ਲੱਗਣ ਵਾਲੇ ਕੈਂਪ ਵਿੱਚ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵਿੱਚ ਗਲੋਬ ਟਵੇਟਾ, ਆਈਪ੍ਰੋਸੈਸ, ਡੀ-ਮਾਰਟ, ਬਾਲਾਜੀ ਪਰਫੈਕਟ ਸਲਊਸ਼ਨ ਆਦਿ (Globe Toyota, iProcess, D-Mart, Balaji Perfect Solution etc) ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਨੋਂ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੋਵੇ ਅਤੇ ਯੋਗਤਾ ਦਸਵੀ, ਬਾਰ੍ਹਵੀਂ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਆਦਿ ਪਾਸ ਕੀਤਾ ਹੋਵੇ, ਭਾਗ ਲੈ ਸਕਦੇ ਹਨ। ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਸ੍ਰੀਮਤੀ ਸੁਖਮਨ ਮਾਨ ਵੱਲੋਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ, ਜਿਨ੍ਹਾਂ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੈ, ਉਹ ਪ੍ਰਾਰਥੀ ਆਪਣੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ ਅਤੇ ਪੈਨ ਕਾਰਡ ਲਾਜ਼ਮੀ, ਜਾਤੀ ਸਰਟੀਫਿਕੇਟ ਅਤੇ ਇਹਨਾਂ ਦੀਆਂ ਫੋਟੋ ਕਾਪੀਆਂ ਨਾਲ ਲਿਆਉਣ ਤਾਂ ਜੋ ਪ੍ਰਾਰਥੀਆਂ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ। ਪ੍ਰਾਰਥੀ ਆਪਣਾ ਬਾਇਓ ਡਾਟਾ ਵੀ ਨਾਲ ਲੈ ਕੇ ਇਸ ਕੈਂਪ ਵਿੱਚ ਸ਼ਮੂਲੀਅਤ ਕਰਨ।