ਜ਼ਿਲ੍ਹੇ ਵਿੱਚ ਡਾਇਰੀਆ, ਹੈਜ਼ਾ ਤੇ ਡੇਂਗੂ ਕੇਸਾਂ ਦੀ ਸਥਿਤੀ ਕਾਬੂ ਹੇਠ, ਜ਼ਿਲ੍ਹਾ ਪ੍ਰਸ਼ਾਸਨ ਰੋਕਥਾਮ ਲਈ ਸਰਗਰਮ: ਸੋਨਮ ਚੌਧਰੀ

S.A.S Nagar

ਐਸ.ਏ.ਐਸ. ਨਗਰ, 24 ਜੁਲਾਈ:

ਜ਼ਿਲ੍ਹੇ ਵਿੱਚ ਸਾਹਮਣੇ ਆ ਰਹੇ ਡਾਇਰੀਆ, ਹੈਜ਼ੇ ਤੇ ਡੇਂਗੂ ਦੇ ਕੇਸਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਸਥਿਤੀ ਕਾਬੂ ਹੇਠ ਹੈ। ਜ਼ਿਲ੍ਹੇ ਵਿੱਚ ਡਾਇਰੀਆ ਦੀ ਰੋਕਥਾਮ ਲਈ 15 ਰੈਪਿਡ ਰਿਸਪਾਂਸ (ਆਰ.ਆਰ.) ਟੀਮਾਂ ਸਰਗਰਮ ਹਨ ਜੋ ਹਾਟ ਸਪਾਟ ਏਰੀਆ, ਡੋਰ ਟੂ ਡੋਰ ਸਰਵੇਖਣ ਅਤੇ ਪ੍ਰਭਾਵਿਤ ਖੇਤਰਾਂ ਚ ਲੋੜੀਂਦੀਆਂ ਦਵਾਈਆਂ ਅਤੇ ਜਾਗਰੂਕਤਾ ਲਈ ਜੁਟੀਆਂ ਹੋਈਆਂ ਹਨ।

     ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ. ਦਮਨਜੀਤ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਾਇਰੀਆ, ਹੈਜ਼ਾ ਤੇ ਡੇਂਗੂ ਤੋਂ ਬਚਾਅ ਅਤੇ ਕੀਤੇ ਜਾ ਰਹੇ ਰੋਕਥਾਮ ਉਪਾਵਾਂ ਦਾ ਜਾਇਜ਼ਾ ਲੈਣ ਸਬੰਧੀ ਸੱਦੀ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਖੀ।

     ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੌਟ ਸਪੋਟਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਵਾਰਡ ਨੰਬਰ 18 ਰੌਣੀ ਮੁਹੱਲਾ, ਡੇਰਾਬੱਸੀ, ਸੈਣੀ ਨਗਰ ਡੇਰਾਬੱਸੀ, ਪਿੰਡ ਧੀਰੇਮਾਜਾਰਾ, ਮਦਨਪੁਰ, ਮੌਲੀ ਬੈਦਵਾਣ, ਬਲੌਂਗੀ ਅਜ਼ਾਦ ਨਗਰ ਤੇ ਅਦਰਸ਼ ਨਗਰ, ਬਡਮਾਜਰਾ, ਸੰਤੇ ਮਾਜਰਾ, ਰਾਮਬਾਗ ਖਰੜ, ਸ਼ਿਵਜੋਤ ਐਨਕਲੇਵ ਖਰੜ ਅਤੇ ਜੁਝਾਰ ਨਗਰ ਨੂੰ ਹੌਟ ਸਪਾਟ ਐਲਾਨਿਆ ਗਿਆ ਹੈ।

    ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਕਾਲ ਸੈਂਟਰ ਵੀ ਬਣਾਇਆ ਜਾ ਰਿਹਾ ਹੈ, ਜਿਥੋਂ ਜ਼ਿਲ੍ਹਾ ਪ੍ਰਸ਼ਾਸਨ ਪ੍ਰਭਾਵਿਤ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਰਾਬਤਾ ਰੱਖੇਗਾ ਤੇ ਲੋੜੀਂਦੀ ਮਦਦ ਜਿਵੇਂ ਦਵਾਈ ਆਦਿ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤਯਾਬੀ ਬਾਰੇ ਵੀ ਪਤਾ ਕਰੇਗਾ।

    ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੌਟ ਸਪਾਟਸ ਸਮੇਤ ਵੱਖੋ ਵੱਖ ਥਾਵਾਂ ‘ਤੇ ਸਰਕਾਰੀ ਤੇ ਪ੍ਰਾਈਵੇਟ ਮੈਡੀਕਲ ਕੈਂਪ ਲਾਏ ਜਾ ਰਹੇ ਹਨ। ਇਸ ਦੇ ਨਾਲ ਨਾਲ ਸਿਹਤ ਵਿਭਾਗ ਅਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਤਾਰ ਸੈਂਪਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

      ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਾਇਰੀਆ ਤੇ ਹੈਜ਼ੇ ਦੇ ਕੇਸ ਕਾਬੂ ਹੇਠ ਤਾਂ ਹਨ ਪਰ ਸਾਫ਼ ਪਾਣੀ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਦੀ ਲੋੜ ਹੈ। ਸਿਹਤ ਵਿਭਾਗ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਡੋਰ ਟੂ ਡੋਰ ਸਰਵੇਖਣ ਹੋਰ ਤੇਜ਼ ਕੀਤਾ ਜਾਵੇ। ਜਦੋਂ ਤੱਕ ਇਹ ਯਕੀਨੀ ਨਹੀਂ ਹੋ ਜਾਂਦਾ ਕਿ ਜਿਹੜੇ ਜਲ ਸਰੋਤ ਤੋਂ ਪ੍ਰਭਾਵਿਤ ਲੋਕ ਪਾਣੀ ਪੀ ਰਹੇ ਹਨ, ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ, ਓਦੋਂ ਤੱਕ ਪੀਣ ਵਾਲੇ ਪਾਣੀ ਦਾ ਬਦਲਵਾਂ ਪ੍ਰਬੰਧ ਯਕੀਨੀ ਬਣਾਇਆ ਜਾਵੇ।

      ਪ੍ਰਾਈਵੇਟ ਮੋਟਰਾਂ/ ਪੰਪਾਂ ਰਾਹੀਂ ਕਢੇ ਜਾਂਦੇ ਪਾਣੀ ਦੀ ਜਾਂਚ ਵੀ ਯਕੀਨੀ ਬਣਾਈ ਜਾਵੇ। ਖਾਸ ਕਰ ਕੇ ਸੁਸਾਇਟੀਆਂ ਦੇ ਪੰਪਾਂ ਸਮੇਤ ਸਾਰੇ ਪ੍ਰਭਾਵਿਤ ਖੇਤਰਾਂ ਦੀ ਵਾਟਰ ਸਪਲਾਈ ਚੈਕ ਕਰਵਾਈ ਜਾਵੇ। ਸਾਰੇ ਸਬੰਧਤ ਵਿਭਾਗਾਂ ਵਲੋਂ ਕੀਤੀ ਜਾ ਰਹੀ ਕਾਰਵਾਈ ਬਾਬਤ ਸਾਂਝੀਆਂ ਰਿਪੋਰਟਾਂ ਦਿੱਤੀਆਂ ਜਾਣ। ਜਿਹੜੇ ਵੀ ਸਾਧਨ ਤੋਂ ਪਾਣੀ ਦੂਸ਼ਿਤ ਆਉਣ ਦੀ ਰਿਪੋਰਟ ਆਉਂਦੀ ਹੈ, ਉਸ ਨੂੰ ਤੁਰੰਤ ਸੀਲ ਕਰਨ ਦੀ ਹਦਾਇਤ ਕੀਤੀ ਗਈ।

    ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲਾਰਵਾ ਰੋਕਣ ਲਈ ਸਪਰੇਅ ਲਗਾਤਾਰ ਕੀਤੀ ਜਾਵੇ ਤੇ ਨਾਲ ਹੀ ਫੌਗਿੰਗ ਯਕੀਨੀ ਬਣਾਈ ਜਾਵੇ। ਉਹਨਾਂ ਨੇ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਲਾਰਵਾ ਮਿਲਣ ਸਬੰਧੀ ਵੱਧ ਤੋਂ ਵੱਧ ਚਲਾਨ ਕਰਨ ਦੇ ਨਿਰਦੇਸ਼ ਵੀ ਦਿੱਤੇ।

      ਉਨ੍ਹਾਂ ਕਿਹਾ ਕਿ ਡੇਂਗੂ ਦੀ ਪੀਕ/ ਸਿਖਰ ਜਿਹੜੀ ਕਿ ਅਗਸਤ ਤੋਂ ਬਾਅਦ ਨਵੰਬਰ ਤੱਕ ਆਉਣ ਦੀ ਸੰਭਾਵਨਾ ਹੁੰਦੀ ਹੈ, ਨੂੰ ਰੋਕਣ ਲਈ ਹੁਣੇ ਤੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇ। ਇਸ ਸਬੰਧੀ ਦਵਾਈਆਂ, ਮਸ਼ੀਨਾਂ ਸਮੇਤ ਜਿਹੜੀ ਵੀ ਲੋੜ ਹੈ, ਉਹ ਧਿਆਨ ਵਿਚ ਲਿਆਂਦੀ ਜਾਵੇ, ਉਸ ਲੋੜ ਨੂੰ ਹਰ ਹਾਲ ਪਹਿਲ ਦੇ ਅਧਾਰ ਉੱਤੇ ਪੂਰਾ ਕੀਤਾ ਜਾਵੇਗਾ।  

     ਇਸ ਮੌਕੇ ਐਸ.ਡੀ.ਐਮ. ਮੋਹਾਲੀ ਸ਼੍ਰੀ ਦੀਪਾਂਕਰ ਗਰਗ, ਐੱਸ.ਡੀ.ਐਮ. ਡੇਰਾਬਸੀ ਸ਼੍ਰੀ ਹਿਮਾਂਸ਼ੂ ਗੁਪਤਾ, ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਪੁਰੀ, ਡੀ.ਐੱਚ.ਓ. ਡਾ. ਸੁਭਾਸ਼ ਤੇ ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਹਰਮਨ ਵੀ ਮੌਜੂਦ ਸਨ।