ਖੰਨਾ ਸਬ ਡਵੀਜ਼ਨ ਦੇ ਪਿੰਡ ਈਸੜੂ ਵਿਖੇ ਸਰਕਾਰ ਤੁਹਾਡੇ ਦੁਆਰ ਕੈਂਪ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

Ludhiana

ਲੁਧਿਆਣਾ, 23 ਜੁਲਾਈ (000)  ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਬਰੂੰਹਾਂ ਤੱਕ ਪ੍ਰਸ਼ਾਸਨਿਕ ਸੇਵਾਵਾਂ ਪੁੱਜਦੀਆਂ ਕਰਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਸਬ ਡਵੀਜ਼ਨ ਪੱਧਰ ਤੇ ਪਿੰਡਾਂ ਵਿੱਚ ‘ਸਰਕਾਰ ਤੁਹਾਡੇ ਦੁਆਰ’ ਕੈਂਪ ਲਗਾਏ ਜਾ ਰਹੇ ਹਨ । ਇਸੇ ਲੜੀ ਤਹਿਤ ਮੰਗਲਵਾਰ ਨੂੰ ਸਬ ਡਵੀਜ਼ਨ ਖੰਨਾ ਦੇ ਪਿੰਡ ਈਸੜੂ ਵਿਖੇ ਸਰਕਾਰ ਤੁਹਾਡੇ ਦੁਆਰ ਕੈਂਪ ਲਗਾ ਕੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਹਨਾਂ ਦੇ ਨਾਲ ਐਸ.ਐਸ.ਪੀ ਖੰਨਾ ਅਮਨੀਤ ਕੌਂਡਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਸਹਾਇਕ ਕਮਿਸ਼ਨਰ (ਜਨਰਲ) ਕ੍ਰਿਤਿਕਾ ਗੋਇਲ ਤੋਂ ਇਲਾਵਾ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁੱਖੀਆਂ ਨੇ ਸਿ਼ਰਕਤ ਕੀਤੀ।
ਇਸ ਕੈਂਪ ਵਿੱਚ ਮਾਲ, ਸੇਵਾ ਕੇਂਦਰ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ, ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬੱਚਿਆਂ ਦਾ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ, ਸਿਹਤ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੀ.ਐਸ.ਪੀ.ਸੀ.ਐਲ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਪੁਲਿਸ ਆਦਿ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕਰਦਿਆਂ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ।
ਪੰਜਾਬ ਸਰਕਾਰ ਦੇ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ, ਜਿਸਦਾ ਉਦੇਸ਼ ਲੋਕਾਂ ਨੂੰ ਸਿੱਧੇ ਤੌਰ ‘ਤੇ ਸੇਵਾਵਾਂ ਪ੍ਰਦਾਨ ਕਰਨਾ ਹੈ, ਨੂੰ ਲੋਕਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ। ਖੰਨਾ ਨੇੜਲੇ ਪਿੰਡ ਈਸੜੂ ਵਿਖੇ ਲਗਾਏ ਗਏ ਕੈਂਪ ਦੌਰਾਨ ਅਧਿਕਾਰੀਆਂ ਵੱਲੋਂ ਸੀਨੀਅਰ ਸਿਟੀਜ਼ਨ ਕਾਰਡ, ਬੁਢਾਪਾ ਪੈਨਸ਼ਨਾਂ, ਵਿਧਵਾ ਪੈਨਸ਼ਨਾਂ, ਬਿਜਲੀ ਲੋਡ ਵਧਾਉਣ ਆਦਿ ਵਰਗੀਆਂ ਵੱਖ-ਵੱਖ ਅਰਜ਼ੀਆਂ ਨੂੰ ਤੁਰੰਤ ਪ੍ਰਵਾਨਗੀ ਦਿੱਤੀ ਗਈ। ਵਿਧਾਇਕ ਤਰੁਨਪ੍ਰੀਤ ਸਿੰਘ ਸੌਦ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲਾਭਪਾਤਰੀਆਂ ਨਾਲ ਗੱਲਬਾਤ ਕਰਦਿਆਂ ਮਨਜ਼ੂਰੀ ਪੱਤਰ ਸੌਂਪੇ।
ਪਿੰਡ ਈਸੜੂ ਦੇ ਵਸਨੀਕ ਹਰਦੀਪ ਸਿੰਘ ਨੇ ਜਾਤੀ ਸਰਟੀਫਿਕੇਟ ਬਣਾਉਣ ਲਈ ਅਰਜ਼ੀ ਦਿੱਤੀ ਅਤੇ ਕੈਂਪ ਵਿੱਚ ਤਹਿਸੀਲ ਦਫ਼ਤਰ ਖੰਨਾ ਦੇ ਅਧਿਕਾਰੀਆਂ ਵੱਲੋਂ ਤੁਰੰਤ ਪ੍ਰਵਾਨਗੀ ਦੇ ਕੇ ਜਾਤੀ ਸਰਟੀਫਿਕੇਟ ਬਣਾਉਣ ਲਈ ਧੰਨਵਾਦ ਪ੍ਰਗਟ ਕੀਤਾ। ਰਾਜਿੰਦਰ ਸਿੰਘ ਵਾਸੀ ਪਿੰਡ ਰੋਹਣੋ ਖੁਰਦ, ਕਿਰਪਾਲ ਸਿੰਘ ਵਾਸੀ ਪਿੰਡ ਟੌਂਸਾ, ਨਾਇਬ ਸਿੰਘ ਅਤੇ ਹਰਦੀਪ ਸਿੰਘ ਵਾਸੀ ਈਸੜੂ ਨੇ ਵੀ ਬੁਢਾਪਾ ਪੈਨਸ਼ਨਾਂ ਦੀ ਮਨਜ਼ੂਰੀ ਪ੍ਰਾਪਤ ਕੀਤੀ, ਸਥਾਨਕ ਦਫ਼ਤਰ ਵਿਖੇ ਪਹੁੰਚ ਕਰਨ ਤੋਂ ਅਸਮਰੱਥ ਹੋਣ ਕਾਰਨ ਉਨ੍ਹਾਂ ਇਸ ਕੈਂਪ ਦਾ ਆਯੋਜਨ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇ਼ਸ਼ ਧੰਨਵਾਦ ਕੀਤਾ।
ਇਸੇ ਤਰ੍ਹਾਂ ਦਵਿੰਦਰ ਸਿੰਘ ਪਿੰਡ ਅਲੂਣਾ ਮਿਆਨਾ ਨੇ ਅੰਗਹੀਣ ਪੈਨਸ਼ਨ ਲਈ ਤੁਰੰਤ ਪ੍ਰਵਾਨਗੀ ਪ੍ਰਾਪਤ ਕਰਕੇ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਦੀ ਸ਼ਲਾਘਾ ਕੀਤੀ। ਗੁਰਮੇਲ ਸਿੰਘ ਪਿੰਡ ਹੋਲ, ਭੁਪਿੰਦਰ ਸਿੰਘ ਪਿੰਡ ਰਸੂਲੜਾ ਅਤੇ ਜਸਵੰਤ ਕੌਰ ਪਿੰਡ ਈਸੜੂ ਨੇ ਕੈਂਪ ਵਿੱਚ ਇੱਕ ਘੰਟੇ ਦੇ ਅੰਦਰ ਸੀਨੀਅਰ ਸਿਟੀਜ਼ਨ ਕਾਰਡ ਵੀ ਪ੍ਰਾਪਤ ਕੀਤਾ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਵਿਧਾਇਕ ਤਰੁਨਪ੍ਰੀਤ ਸਿੰਘ ਸੌਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਹਨ ਕਿ ਅਸੀਂ ਸਰਕਾਰ ਪਿੰਡਾਂ ਵਿੱਚ ਲੈ ਕੇ ਜਾਈਏ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੌਕੇ ਤੇ ਹੀ ਹੱਲ ਕੀਤੀਆ ਜਾ ਸਕਣ l ਉਸ ਮੰਤਵ ਨਾਲ ਹੀ ਅਸੀਂ ਸ਼ਹੀਦ ਮਾਸਟਰ ਕਰਨੈਲ ਸਿੰਘ ਦੇ ਪਿੰਡ ਈਸੜੂ ਵਿਖੇ ਪਹੁੰਚੇ ਹਾਂ l ਉਹਨਾਂ ਕਿਹਾ ਕਿ ਸਾਡੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਹਰ ਹਫਤੇ ਸਰਕਾਰ ਤੁਹਾਡੇ ਦੁਆਰ ਦੇ ਦੋ ਕੈਂਪ ਲਗਾਏ ਜਾਂਦੇ ਹਨ l  ਉਹਨਾਂ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਫ਼ਸਰ ਵੀ ਇਹਨਾਂ ਕੈਂਪਾਂ ਵਿੱਚ ਮੌਜੂਦ ਰਹਿੰਦੇ ਹਨl ਉਹਨਾਂ ਕਿਹਾ ਅੱਜ ਮੌਕੇ ਤੇ ਹੀ ਕਈ ਲੋਕਾਂ ਦੀਆਂ ਵਿਧਵਾ, ਬੁਢਾਪਾ ਤੇ ਅੰਗਹੀਣ ਪੈਨਸ਼ਨਾ ਲਗਾਈਆਂ ਗਈਆਂ ਅਤੇ ਹੋਰ ਲੋਕ ਭਲਾਈ ਸਕੀਮਾਂ ਦਾ ਲਾਭ ਦਿੱਤਾ ਗਿਆ l ਉਹਨਾਂ ਕਿਹਾ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਲੋਕਾਂ ਨੂੰ ਪਿੰਡ ਪੱਧਰ ਤੇ ਹੀ ਪ੍ਰਦਾਨ ਕੀਤੀਆ ਜਾਣ। ਉਹਨਾਂ ਕਿਹਾ ਕਿ ਸਾਨੂੰ ਜ਼ਮੀਨੀ ਪੱਧਰ ਤੇ ਆ ਕੇ ਹੀ ਲੋਕਾਂ ਦੀਆਂ ਮੁਸਕਲਾਂ ਦਾ ਪਤਾ ਲੱਗਦਾ ਹੈ ਤਾਂ ਹੀ ਇਹਨਾਂ ਮੁਸ਼ਕਲਾਂ ਨੂੰ ਸੁਣ ਕੇ ਹੀ ਹੱਲ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਗਲੇ ਕੈਂਪ ਲਗਾਉਣ ਤੋਂ ਪਹਿਲਾ-ਪਹਿਲਾ ਅਸੀਂ ਪਿਛਲੇ ਕੈਂਪ ਦੀਆਂ ਜਿੰਨੀਆਂ ਵੀ ਸ਼ਿਕਾਇਤਾਂ ਜਾਂ ਸੇਵਾਵਾਂ ਹਲੇ ਪ੍ਰਦਾਨ ਨਹੀਂ ਹੋਈਆਂ ਉਨ੍ਹਾਂ ਨੂੰ ਵੀ ਪ੍ਰਦਾਨ ਕਰ ਸਕੀਏ। ਉਨ੍ਹਾਂ ਇਹ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਜੋਰ ਦਿੱਤਾ ਕਿ ਸਾਰੇ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਸਮਾਜ ਭਲਾਈ ਸਕੀਮਾਂ ਦਾ ਲਾਭ ਮਿਲੇ ਅਤੇ ਕੈਂਪਾਂ ਵਿੱਚ ਸਾਰੀਆਂ ਸਰਕਾਰੀ ਲੋਕ ਭਲਾਈ ਸਕੀਮਾਂ ਦੀ 100 ਫੀਸਦੀ ਵਰਤੋਂ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਸਿੱਧੀਆਂ ਮੁਹੱਈਆ ਕਰਵਾਉਣ ਲਈ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਦੇ ਹਿੱਸੇ ਵਜੋਂ ਜ਼ਿਲ੍ਹੇ ਭਰ ਵਿੱਚ ਹੋਰ ਕੈਂਪ ਲਗਾਏ ਜਾਣਗੇ। ਉਨ੍ਹਾਂ ਨਾਗਰਿਕ ਸੇਵਾਵਾਂ ਨੂੰ ਨਿਰਵਿਘਨ, ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰਨ ਲਈ ਵਚਨਬੱਧਤਾ ‘ਤੇ ਜ਼ੋਰ ਦਿੱਤਾ ਅਤੇ ਆਸ ਪ੍ਰਗਟਾਈ ਕਿ ਪ੍ਰਸ਼ਾਸਨ ਦੀ ਪ੍ਰਕਿਰਿਆ ਵਿੱਚ ਜਨਤਾ ਦੀ ਭਾਗੀਦਾਰੀ ਸੇਵਾਵਾਂ ਨੂੰ ਵਧੇਰੇ ਜਵਾਬਦੇਹ ਅਤੇ ਪਾਰਦਰਸ਼ੀ ਬਣਾਏਗੀ। ਉਹਨਾਂ ਕਿਹਾ ਕਿ ਸਾਰੇ ਵਿਭਾਗਾਂ ਵੱਲੋਂ ਸਰਕਾਰੀ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ। ਉਹਨਾਂ ਕਿਹਾ ਕਿ ਸਰਕਾਰ ਤੁਹਾਡੇ ਦੁਆਰ ਤਹਿਤ ਅਸੀਂ ਹਰ ਮੰਗਲਵਾਰ ਤੇ ਸ਼ੁੱਕਰਵਾਰ ਜ਼ਿਲ੍ਹਾ ਲੁਧਿਆਣਾ ਦੀਆਂ ਵੱਖ-ਵੱਖ ਥਾਵਾਂ ਤੇ ਕੈਪ ਲਗਾਉਂਦੇ ਹਾਂ। ਉਹਨਾਂ ਕਿਹਾ ਕਿ ਸਵੇਰ ਤੋਂ ਹੀ ਬਹੁਤ ਸਾਰੇ ਲੋਕ ਇੱਥੇ ਪਹੁੰਚ ਕੇ ਇਸ ਕੈਂਪ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਉਹਨਾਂ ਦੀਆਂ ਬਰੂਹਾਂ ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਵਧੀਆ ਤਰੀਕੇ ਨਾਲ ਦੇਣ ਦੀਆਂ ਹਦਾਇਤਾਂ ਸਾਰੇ ਵਿਭਾਗਾਂ ਨੂੰ ਕੀਤੀਆਂ ਜਾ ਚੁੱਕੀਆ ਹਨ।
ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਦ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ ਖੰਨਾ ਅਮਨੀਤ ਕੌਂਡਲ ਵੱਲੋਂ ਸਰਕਾਰ ਤੁਹਾਡੇ ਦੁਆਰ ਕੈਂਪ ਦੌਰਾਨ ਹਲਕਾ ਖੰਨਾ ਦੇ ਪਿੰਡਾਂ ਦੀਆਂ ਨਸ਼ਾ ਛੁਡਾਊ ਕਮੇਟੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਅਤੇ ਨਾਲ ਲੱਗਦੇ ਪਿੰਡਾਂ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਤਾਂ ਜ਼ੋ ਪਿੰਡਾ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਨਸ਼ੇ ਦੇ ਕੋਹੜ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।
ਵਾਤਾਵਰਣ ਦੀ ਸ਼ੁੱਧਤਾ ਲਈ ਪਿੰਡ ਈਸੜੂ ਦੇ ਪਸ਼ੂ ਹਸਪਤਾਲ ਵਿੱਚ ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਦ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ ਖੰਨਾ ਅਮਨੀਤ ਕੌਂਡਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਨਮੋਲ ਸਿੰਘ ਧਾਲੀਵਾਲ ਅਤੇ ਉਪ ਮੰਡਲ ਮੈਜਿਸਟਰੇਟ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਬੂਟੇ ਵੀ ਲਗਾਏ।
ਇਸ ਤੋਂ ਇਲਾਵਾ ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਦ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ ਖੰਨਾ ਅਮਨੀਤ ਕੌਂਡਲ ਵੱਲੋਂ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਬੁੱਤ ਤੇ ਜਾ ਕੇ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।