ਜਲਾਲਾਬਾਦ 21 ਜੁਲਾਈ
ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਆਪਣੇ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਮੁੱਦੇ ਉਹਨਾਂ ਦੇ ਸਾਹਮਣੇ ਰੱਖੇ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਇਸ ਮੀਟਿੰਗ ਦੌਰਾਨ ਉਨਾਂ ਨੇ ਸਰਹੱਦੀ ਖੇਤਰ ਵਿੱਚ ਸਿੱਖਿਆ ਢਾਂਚੇ ਨੂੰ ਹੋਰ ਮਜਬੂਤ ਕਰਨ ਦੀ ਜਿੱਥੇ ਮੰਗ ਰੱਖੀ ਉੱਥੇ ਨਾਲ ਦੀ ਨਾਲ ਉਹਨਾਂ ਨੇ ਇਸ ਇਲਾਕੇ ਵਿੱਚ ਵੱਧ ਤੋਂ ਵੱਧ ਨਹਿਰੀ ਪਾਣੀ ਮੁਹਈਆ ਕਰਵਾਉਣ ਦੀ ਮੰਗ ਵੀ ਮੁੱਖ ਮੰਤਰੀ ਸਾਹਮਣੇ ਰੱਖੀ।
ਉਹਨਾਂ ਨੇ ਆਖਿਆ ਕਿ ਧਰਤੀ ਹੇਠਲੇ ਪਾਣੀ ਦੀ ਲਗਾਤਾਰ ਵਰਤੋਂ ਨਾਲ ਧਰਤੀ ਹੇਠਲਾ ਪਾਣੀ ਨੀਵਾਂ ਜਾ ਰਿਹਾ ਹੈ। ਇਸ ਲਈ ਜਰੂਰੀ ਹੈ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇ । ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹੀ ਛਿਮਾਹੀ ਨਹਿਰਾਂ ਨੂੰ ਬਾਰਾਮਸੀ ਕਰਨ ਦਾ ਫੈਸਲਾ ਕੀਤਾ ਗਿਆ ਸੀ ਅਤੇ ਹੁਣ ਅਸੀਂ ਮੁੱਖ ਮੰਤਰੀ ਸਾਹਮਣੇ ਮੰਗ ਰੱਖੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਕਿਸਾਨਾਂ ਨੂੰ ਮੁਹਈਆ ਕਰਵਾਇਆ ਜਾਵੇ।
ਵਿਧਾਇਕ ਨੇ ਇਸ ਮੌਕੇ ਦੱਸਿਆ ਕਿ ਜਲਾਲਾਬਾਦ ਹਲਕੇ ਦੇ ਕਈ ਪਿੰਡਾਂ ਵਿੱਚ ਸੇਮ ਨਾਲ ਜਮੀਨਾਂ ਖਰਾਬ ਹੋ ਚੁੱਕੀਆਂ ਹਨ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਕੀਤੇ ਜਾਣ ਦੀ ਜਰੂਰਤ ਹੈ। ਇਸ ਲਈ ਉਹਨਾਂ ਨੇ ਸੇਮ ਮਾਰੀਆਂ ਜਮੀਨਾਂ ਦੀ ਪੁਨਰ ਸੁਰਜੀਤੀ ਲਈ ਪ੍ਰੋਜੈਕਟ ਸ਼ੁਰੂ ਕਰਨ ਦੀ ਮੰਗ ਵੀ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਕੋਲ ਰੱਖੀ।
ਵਿਧਾਇਕ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਹਲਕੇ ਦੀਆਂ ਇਹ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।