ਫਾਜ਼ਿਲਕਾ 18 ਜੁਲਾਈ
ਜਲ ਸ਼ਕਤੀ ਅਭਿਆਨ ਦੇ ਤਹਿਤ ਫਾਜ਼ਿਲਕਾ ਜ਼ਿਲੇ ਵਿੱਚ ਪਾਣੀ ਦੀ ਬਿਹਤਰ ਸਾਂਭ ਸੰਭਾਲ ਕਰਦੇ ਹੋਏ ਅਤੇ ਇਸ ਦੀ ਸੰਯਮ ਨਾਲ ਵਰਤੋਂ ਦੇ ਨਿਯਮ ਨੂੰ ਉਤਸਾਹਿਤ ਕੀਤਾ ਜਾਵੇਗਾ। ਇਹ ਜਾਣਕਾਰੀ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ ਨੇ ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੀ ਇੱਕ ਬੈਠਕ ਕਰਦਿਆਂ ਦਿੱਤੀ।
ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜਿੱਥੇ ਮੀਂਹ ਦਾ ਪਾਣੀ ਸੰਭਾਲ ਕਰਨ ਲਈ ਸਾਂਝੇ ਤਲਾਬ ਬਣਾਏ ਜਾ ਰਹੇ ਹਨ ਉੱਥੇ ਹੀ ਖੇਤਾਂ ਵਿੱਚ ਪਾਣੀ ਦੀ ਬਚਤ ਕਰਨ ਦੀਆਂ ਤਕਨੀਕਾਂ ਜਿਵੇਂ ਕਿ ਬੂੰਦ ਬੂੰਦ ਸਿੰਚਾਈ ਪ੍ਰਣਾਲੀ ਅਤੇ ਝੋਨੇ ਦੀ ਸਿੱਧੀ ਬਜਾਈ ਨੂੰ ਲਾਗੂ ਕਰਨ ਵਿੱਚ ਵੀ ਫਾਜ਼ਿਲਕਾ ਜ਼ਿਲ੍ਹਾ ਪੰਜਾਬ ਵਿੱਚੋਂ ਮੋਹਰੀ ਹੈ। ਉਹਨਾਂ ਨੇ ਪੇਂਡੂ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਵਿੱਚ ਛੱਪੜਾਂ ਦੀ ਸਾਫ ਸਫਾਈ ਕਰਕੇ ਉਹਨਾਂ ਨੂੰ ਥਾਪਰ ਮਾਡਲ ਨਾਲ ਵਿਕਸਿਤ ਕਰੇ । ਮੀਟਿੰਗ ਦੌਰਾਨ ਉਹਨਾਂ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਵਿੱਚ ਛੱਤਾਂ ਦੇ ਮੀਂਹ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨ ਸਬੰਧੀ ਪ੍ਰੋਜੈਕਟ ਤਿਆਰ ਕਰਨ। ਇਸੇ ਤਰ੍ਹਾਂ ਉਹਨਾਂ ਨੇ ਨਗਰ ਕੌਂਸਲਾਂ ਨੂੰ ਹਦਾਇਤ ਕੀਤੀ ਕਿ ਉਹ ਵੀ ਸ਼ਹਿਰ ਦੀਆਂ ਵੱਡੀਆਂ ਬਿਲਡਿੰਗਾਂ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟ ਲਗਾਉਣ ਦੀ ਸੰਭਾਵਨਾਵਾਂ ਦਾ ਪਤਾ ਲਗਾਉਣ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹਰੇਕ ਵਿਭਾਗ ਦਾ ਸਹਿਯੋਗ ਲੋੜੀਂਦਾ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਦੀ ਬਚਤ ਕਰ ਸਕੀਏ।
ਬੈਠਕ ਵਿੱਚ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਗੁਰਦਰਸ਼ਨ ਲਾਲ, ਜਿਲਾ ਸਿੱਖਿਆ ਅਫਸਰ ਸ਼ਿਵਪਾਲ ਗੋਇਲ, ਜ਼ਿਲਾ ਪ੍ਰੋਗਰਾਮ ਅਫਸਰ ਨਵਦੀਪ ਕੌਰ, ਐਚਡੀ ਓ ਬਾਗਬਾਨੀ ਸ਼ੋਪਤ ਰਾਮ, ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।