ਕੋਟਕਪੂਰਾ, 17 ਜੁਲਾਈ ,
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀ ਨਵੀਂ ਪੀੜੀ ਦਾ ਭਵਿੱਖ ਸੁਰੱਖਿਅਤ ਨਹੀਂ। ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ‘ਮੈਂ ਤੇ ਮੇਰਾ ਰੁੱਖ’ ਬੈਨਰ ਹੇਠ ਰੁੱਖ ਲਾਉਣ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਸ. ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਵੀ ਪੰਜਾਬ ਭਰ ਦੀਆਂ ਪੰਚਾਇਤਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕੀਤੀ।
ਗੁੱਡ ਮੌਰਨਿੰਗ ਕਲੱਬ ਵਲੋਂ ਸਾਂਝੀਆਂ ਥਾਵਾਂ ’ਤੇ 400 ਬੂਟਾ ਲਾਉਣ ਦੇ ਰੱਖੇ ਗਏ ਟੀਚੇ ਦੀ ਪ੍ਰਸੰਸਾ ਕਰਦਿਆਂ ਸਪੀਕਰ ਸੰਧਵਾਂ ਨੇ ਆਖਿਆ ਕਿ ਕਲੱਬ ਨੇ ਦਸੰਬਰ ਮਹੀਨੇ ਅਰਥਾਤ ਧੁੰਦ ਪੈਣ ਤੋਂ ਪਹਿਲਾਂ-ਪਹਿਲਾਂ 10 ਹਜਾਰ ਤੋਂ ਜਿਆਦਾ ਬੂਟੇ ਲਾਉਣ ਦਾ ਟੀਚਾ ਰੱਖਿਆ ਹੈ, ਜੋ ਕਿ ਸ਼ਲਾਘਾਯੋਗ ਅਤੇ ਹੋਰਨਾ ਲਈ ਪ੍ਰੇਰਨਾਸਰੋਤ ਬਣੇਗਾ।
ਸਪੀਕਰ ਸੰਧਵਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਵਾ ਸਮਾਜਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਯੂਨੀਅਨਾ, ਐਸੋਸੀਏਸ਼ਨਾ, ਸਭਾ-ਸੁਸਾਇਟੀਆਂ ਅਤੇ ਕਲੱਬਾਂ ਨੂੰ ਵੀ ਵਾਤਾਵਰਣ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ, ਪ੍ਰੋਜੈਕਟ ਇੰਚਾਰਜ ਮਨਤਾਰ ਸਿੰਘ ਮੱਕੜ ਅਤੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਖਿਆ ਕਿ ਇਸ ਵਾਰ ਗੁੱਡ ਮੌਰਨਿੰਗ ਕਲੱਬ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਰੁੱਖਾਂ ਦੀ ਸੰਭਾਲ ਯਕੀਨੀ ਵੀ ਬਣਾਈ ਜਾਵੇ। ਉਹਨਾਂ ਕਿਹਾ ਕਿ ਕਲੱਬ ਵਲੋਂ ਸਕੂਲਾਂ, ਕਾਲਜਾਂ ਸਮੇਤ ਵੱਖ ਵੱਖ ਵਿਦਿਅਕ ਅਦਾਰਿਆਂ ਦੇ ਮੁਖੀਆਂ ਜਾਂ ਪ੍ਰਬੰਧਕਾਂ ਨਾਲ ਰਾਬਤਾ ਬਣਾ ਕੇ ਜਿੱਥੇ ਉਹਨਾ ਦੇ ਵਿਦਿਅਕ ਅਦਾਰੇ ਵਿੱਚ ਉਹਨਾਂ ਦੀ ਮਨਪਸੰਦ ਦੇ ਬੂਟੇ ਲਾਉਣ ਦੀ ਪ੍ਰਵਾਨਗੀ ਅਤੇ ਸਹਿਮਤੀ ਲਈ ਜਾਂਦੀ ਹੈ, ਉੱਥੇ ਉਹਨਾ ਬੂਟਿਆਂ ਦੀ ਸੰਭਾਲ ਕਰਨ ਵਾਲੇ ਵਿਦਿਆਰਥੀ/ਵਿਦਿਆਰਥਣਾ ਨੂੰ ਕਲੱਬ ਵਲੋਂ ਢੁਕਵੇਂ ਮੌਕੇ ’ਤੇ ਸਨਮਾਨਿਤ ਕਰਨ ਦੇ ਫੈਸਲੇ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ।
ਕਲੱਬ ਦੇ ਅਹੁਦੇਦਾਰਾਂ ਜਸਕਰਨ ਸਿੰਘ ਭੱਟੀ, ਸੁਰਿੰਦਰ ਸਿੰਘ ਸਦਿਉੜਾ, ਬਿੱਟਾ ਠੇਕੇਦਾਰ, ਗੁਰਦੀਪ ਸਿੰਘ ਮੈਨੇਜਰ ਆਦਿ ਨੇ ਕਿਹਾ ਕਿ ਬੱਚਿਆਂ ਤੇ ਨੌਜਵਾਨਾ ਨੂੰ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕਰਨ ਦਾ ਇਹ ਉਪਰਾਲਾ ਸਾਰੀਆਂ ਸੰਸਥਾਵਾਂ ਨੂੰ ਪਸੰਦ ਆ ਰਿਹਾ ਹੈ। ਉਹਨਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਾਤਾਵਰਣ ਦੀ ਸੰਭਾਲ ਲਈ ਵਿੱਢੀ ਮੁਹਿੰਮ ਦੀ ਪ੍ਰਸੰਸਾ ਕਰਦਿਆਂ ਬੇਨਤੀ ਕੀਤੀ ਕਿ ਹਰ ਇਕ ਮਨੁੱਖ ਖੁਸ਼ੀ ਅਤੇ ਗਮੀ ਮੌਕੇ ਸਾਂਝੀਆਂ ਥਾਵਾਂ ’ਤੇ ਜਾਂ ਆਪਣੇ ਘਰ ਦੇ ਨੇੜੇ ਇਕ-ਇਕ ਰੁੱਖ ਲਾ ਕੇ ਉਹਨਾਂ ਦੀ ਸੰਭਾਲ ਯਕੀਨੀ ਬਣਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜੰਗਲਾਤ ਅਫਸਰ ਰਣਧੀਰ ਸਿੰਘ ਧੀਰਾ ਦਾ ਵੀ ਭਰਪੂਰ ਸਹਿਯੋਗ ਰਿਹਾ।