ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਜੁਲਾਈ 2024:
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਿੰਡ ਪੱਧਰ ’ਤੇ ਹੱਲ ਕਰਨ ਲਈ ‘ਆਪ ਦੀ ਸਰਕਾਰ ਆਪ ਦੇ ਦੁਆਰ’ ਕੈਂਪਾਂ ਦੀ ਸ਼ੁਰੂਆਤ ਉਨ੍ਹਾਂ ਦੀ ਮੁਸ਼ਕਿਲਾਂ ਨੂੰ ਮੌਕੇ ’ਤੇ ਹੱਲ ਕਰਨ ਦਾ ਕਾਰਗਰ ਯਤਨ ਹੈ, ਜਿਸ ਦਾ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲ ਰਿਹਾ ਹੈ। ਇਹ ਪ੍ਰਗਟਾਵਾ ਐਮ ਐਲ ਏ ਨੀਨਾ ਮਿੱਤਲ ਨੇ ਮੋਹਾਲੀ ਸਬ ਡਵੀਜ਼ਨ ਦੀ ਬਨੂੜ ਸਬ ਤਹਿਸੀਲ ਦੇ ਪਿੰਡ ਤਸੌਲੀ ਵਿਖੇ ਅੱਜ ਲਾਏ ਗਏ ‘ਆਪ ਦੀ ਸਰਕਾਰ ਆਪ ਦੇ ਦੁਆਰ’ ਕੈਂਪ ਦਾ ਦੌਰਾ ਕਰਨ ਅਤੇ ਲੋਕਾਂ ਨੂੰ ਮਿਲਣ ਮੌਕੇ ਕੀਤਾ। ਇਸ ਕੈਂਪ ’ਚ ਕਲੌਲੀ ਅਤੇ ਦੇਵੀਨਗਰ ਦੇ ਲੋਕ ਵੀ ਆਪਣੀਆਂ ਮੁਸ਼ਕਿਲਾਂ ਲੈ ਕੇ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਅਜਿਹੇ ਕੈਪਾਂ ਨਾਲ ਉਨ੍ਹਾ ਲੋਕਾਂ ਨੂੰ ਬਹੁਤ ਜਿਆਦਾ ਫਾਇਦਾ ਹੋਵੇਗਾ, ਜਿਹੜੇ ਆਪਣੇ ਰੋਜ਼-ਮਰ੍ਹਾ ਦੇ ਨਿੱਕੇ-ਨਿੱਕੇ ਕੰਮਾਂ ਕਾਰਨ ਸਰਕਾਰੀ ਦਫ਼ਤਰਾਂ ਵਿਚ ਨਹੀਂ ਸਨ ਪਹੁੰਚ ਸਕਦੇ। ਕੈਂਪ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਵਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ ਸਬੰਧੀ ਅਰਜ਼ੀ, ਐੱਨ.ਆਰ. ਆਈ. ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸਮੇਤ 43 ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕ ਇਹ ਸੇਵਾਵਾਂ ਆਪਣੇ ਆਪਣੇ ਫ਼ੋਨ ਤੋਂ ਟੋਲ ਫ੍ਰੀ ਨੰਬਰ 1076 ਡਾਇਲ ਕਰਕੇ ਵੀ ਹਾਸਲ ਕਰ ਸਕਦੇ ਹਨ, ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਤਾਇਨਾਤ ਸੇਵਾ ਸਹਾਇਕ ਉਨ੍ਹਾਂ ਨੂੰ ਫ਼ੋਨ ਕਰਕੇ ਉਨ੍ਹਾਂ ਦੀ ਸੁਵਿਧਾ ਮੁਤਾਬਕ ਉਨ੍ਹਾਂ ਦੇ ਘਰ ਸੇਵਾਵਾਂ ਦੇਣ ਪਹੁੰਚਦੇ ਹਨ। ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਦੌਰਾਨ ਮਾਲ ਮਹਿਕਮੇ ਨਾਲ ਸਬੰਧਤ 8, ਕਿਰਤ ਮਹਿਕਮੇ ਨਾਲ ਸਬੰਧਤ 3, ਸਿਹਤ ਮਹਿਕਮੇ ਨਾਲ ਸਬੰਧਤ 28, ਸੀ ਡੀ ਪੀ ਓ ਦਫ਼ਤਰ ਨਾਲ ਸਬੰਧਤ 10, ਖੇਤੀਬਾੜੀ ਤੇ ਕਿਸਾਨ ਭਲਾਈ ਮਹਿਕਮੇ ਨਾਲ ਸਬੰਧਤ 11, ਲੋਕ ਨਿਰਮਾਣ ਵਿਭਾਗ ਨਾਲ ਸਬੰਧਤ 4, ਖੁਰਾਕ ਤੇ ਸਿਵਲ ਸਪਲਾਈ ਨਾਲ ਸਬੰਧਤ 75 ਅਤੇ ਸੇਵਾ ਕੇਂਦਰ ਨਾਲ ਸਬੰਧਤ 30 ਮਾਮਲੇ ਪ੍ਰਾਪਤ ਹੋਏ, ਜਿਨ੍ਹਾਂ ’ਚੋਂ ਜ਼ਿਆਦਾਤਰ ਦਾ ਮੌਕੇ ’ਤੇ ਹੱਲ ਕੀਤਾ ਗਿਆ ਅਤੇ ਬਾਕੀ ਸਬੰਧਤ ਵਿਭਾਗਾਂ ਨੂੰ ਸਮਾਂ-ਬੱਧ ਕਾਰਵਾਈ ਕਰਨ ਲਈ ਸੌਂਪੇ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਮੰਗਲਵਾਰ ਅਤੇ ਸ਼ੁਕਰਵਾਰ ਨੂੰ ਬਦਲਵੀਆਂ ਸਬ ਡਵੀਜ਼ਨਾਂ ’ਚ ਇਹ ਕੈਂਪ ਲਾਏ ਜਾ ਰਹੇ ਹਨ ਜੋ ਕਿ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਿੰਡ ਪੱਧਰ ’ਤੇ ਹੱਲ ਕਰਨ ਵਿੱਚ ਸਹਾਈ ਸਿੱਧ ਹੋ ਰਹੇ ਹਨ। ਕੈਂਪ ਉਪਰੰਤ ਐਮ ਐਲ ਏ ਨੀਨਾ ਮਿੱਤਲ ਨੇ ਪਿੰਡ ’ਚ ਪੌਦਾ ਲਾ ਕੇ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ।