ਫ਼ਰੀਦਕੋਟ, 12 ਜੁਲਾਈ: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ਤੇ ਕੈਂਪ ਲਗਾਉਣ ਦੀ ਮੁਹਿੰਮ ਆਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆਂ ਬਰੂਹਾਂ ਤੇ ਕੈਂਪ ਲਗਾ ਕੇ ਮੌਕੇ ‘ਤੇ ਹੀ ਜਾਇਜ਼ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਫ਼ਰੀਦਕੋਟ ਸ ਗੁਰਦਿੱਤ ਸਿੰਘ ਸੇਖੋਂ ਨੇ ਜ਼ਿਲ੍ਹੇ ਦੇ ਪਿੰਡ ਪੱਖੀ ਕਲਾਂ ਵਿਖੇ ਲਗਾਏ ਗਏ ਸੱਤਵੇਂ ਸੁਵਿਧਾ ਕੈਂਪ ਦੌਰਾਨ ਆਮ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸੁਣਨ ਮੌਕੇ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੀ ਮੌਜੂਦ ਸਨ।
ਵਿਧਾਇਕ ਸ. ਸੇਖੋਂ ਨੇ ਪਿੰਡ ਪੱਖੀ ਕਲਾਂ ਤੋਂ ਇਲਾਵਾ ਭਾਗਥਲਾ ਕਲਾਂ, ਭਾਗਥਲਾ ਖੁਰਦ, ਪਹਿਲੂਵਾਲਾ, ਹਰਦਿਆਲੇਆਣਾ, ਮੱਲੇਵਾਲਾ ਅਤੇ ਭੋਲੂਵਾਲਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ਜਿੱਥੇ ਜ਼ਿਆਦਾਤਰ ਸਮੱਸਿਆਵਾਂ ਦਾ ਮੌਕੇ ‘ਤੇ ਹੱਲ ਕੀਤਾ ਗਿਆ, ਉਥੇ ਹੀ ਰਹਿੰਦੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ।
ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਸ. ਸੇਖੋਂ ਨੇ ਦੱਸਿਆ ਕਿ ਪੱਖੀ ਕਲਾਂ ਦੇ ਸੇਮ ਨਾਲੇ ਦੀ ਸਫਾਈ ਦਾ ਕੰਮ ਕੱਲ ਤੋਂ ਸ਼ੁਰੂ ਹੋਵੇਗਾ। ਪਿੰਡ ਦੇ ਨੋਜਵਾਨਾਂ ਵੱਲੋਂ ਜਿੰਮ ਦੀ ਮੁਰੰਮਤ ਅਤੇ ਨਵੇਂ ਸਮਾਨ ਖਰੀਦਣ ਸਬੰਧੀ ਮੰਗ ਤੇ ਫੁੱਲ ਚੜਾਉਂਦਿਆਂ ਡਿਪਟੀ ਕਮਿਸ਼ਨਰ ਨੇ ਤੁਰੰਤ 40 ਹਜ਼ਾਰ ਰੁਪਏ ਖਰਚ ਕੇ ਜਿੰਮ ਰਿਪੇਅਰ ਅਤੇ ਖਰੀਦ ਲਈ ਜਾਰੀ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਪਿੰਡ ਪੱਖੀ ਕਲਾਂ ਦੇ ਮਿਡਲ ਸਕੂਲ ਨੂੰ ਅੱਪਡੇਟ ਕਰਕੇ ਕਲਾਸਾਂ ਸ਼ੁਰੂ ਕਰਨ ਲਈ ਕੇਸ ਸਰਕਾਰ ਨੂੰ ਭੇਜਿਆ ਜਾਵੇਗਾ।
ਵਿਧਾਇਕ ਸ. ਸੇਖੋਂ ਨੇ ਪਿੰਡ ਪਹਿਲੂਵਾਲਾ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਤੇ ਬੋਲਦਿਆਂ ਕਿਹਾ ਕਿ ਅਗਲੇ ਤਿੰਨ ਚਾਰ ਦਿਨਾਂ ਵਿੱਚ ਸਾਰੀਆਂ ਮੰਗਾਂ ਪੂਰੀਆਂ ਹੋ ਜਾਣ ਗਈਆਂ। ਉਨ੍ਹਾਂ ਕਿਹਾ ਕਿ ਅਗਲੇ ਸੀਜ਼ਨ ਤੋਂ ਪਹਿਲਾਂ ਜਲਦੀ ਹੀ ਪਿੰਡ ਦੀ ਦਾਣਾ ਮੰਡੀ ਵਿੱਚ ਸ਼ੈੱਡ ਵੀ ਬਣਾ ਦਿੱਤਾ ਜਾਵੇਗਾ। ਇਸ ਦੇ ਨਾਲ ਪੀਣ ਵਾਲੇ ਪਾਣੀ ਦੇ ਪ੍ਰਬੰਧ ਤੋਂ ਇਲਾਵਾ ਪਿੰਡ ਦੀ ਸਫਾਈ ਵੀ ਕਾਰਵਾਈ ਜਾਵੇਗੀ।
ਆਟਾ ਦਾਲ ਸਕੀਮ ਸੰਬੰਧੀ ਸ਼ਿਕਾਇਤਾਂ ਸਬੰਧੀ ਦਰਖਾਸਤ ਪ੍ਰਾਪਤ ਹੋਣ ਤੇ ਸ. ਸੇਖੋਂ ਨੇ ਕਿਹਾ ਕਿ ਲੋੜਵੰਦ ਆਪਣੇ ਫਾਰਮ ਭਰ ਕੇ ਦੇਣ ਤਾਂ ਜੋ, ਨਵਾਂ ਪੋਰਟਲ ਬਨਣ ਤੋਂ ਬਾਅਦ ਇਸ ਸਬੰਧੀ ਲਾਭ ਦਿੱਤਾ ਜਾ ਸਕੇ। ਉਹਨਾਂ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਟੁੱਟੇ ਘਰਾਂ ਦਾ ਮੁਆਵਜ਼ਾ ਵੀ ਰਾਜ ਆਫ਼ਤ ਸੁਧਾਰ ਫੰਡ ਵਿੱਚੋਂ ਦਿੱਤਾ ਜਾਵੇਗਾ। ਪਖਾਨਿਆਂ ਦੀ ਸਮੱਸਿਆ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਵੇਂ ਪਖਾਨੇ ਬਣਾਉਣ ਦਾ ਟੀਚਾ ਜਲਦ ਹੀ ਹਾਸਲ ਕਰਕੇ ਕੰਮ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਜਗਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ, ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਫ਼ਰੀਦਕੋਟ ਨਵੀਨ ਗਡਵਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।