ਨਰਮੇ ਦੀ ਕਾਸ਼ਤ ਸੰਬੰਧੀ ਸਿਖਲਾਈ ਕੈਂਪ ਆਯੋਜਿਤ

Bathinda

ਬਠਿੰਡਾ, 12 ਜੁਲਾਈ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਚਲਾਈ ਜਾ ਰਹੀ ਨਰਮੇ ਦੀ ਕਾਸ਼ਤ ਦੀ ਸਫ਼ਲ ਮੁਹਿੰਮ ਤਹਿਤ ਸਥਾਨਕ ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਕੇ.ਵੀ.ਕੇ ਡਾ. ਗੁਰਦੀਪ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਪਿੰਡ ਮਾਨਕ ਖਾਨਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਲਗਾਇਆ ਗਿਆ।

ਸਹਾਇਕ ਪ੍ਰੋ: ਪੌਦ ਸੁਰੱਖਿਆ ਕੇ.ਵੀ.ਕੇ. ਡਾ. ਵਿਨੈ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ 35 ਕਿਸਾਨਾਂ ਨੇ ਭਾਗ ਲਿਆ। ਕੈਂਪ ਦੌਰਾਨ ਕਿਸਾਨ ਵੀਰਾਂ ਨਾਲ ਫ਼ਸਲ ਵਿੱਚ ਕੀੜੇ-ਮਕੌੜਿਆਂ ਦੀ ਰੋਕਥਾਮ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਇਨ੍ਹਾਂ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਬਾਰੇ ਵੀ ਦੱਸਿਆ ਗਿਆ ਅਤੇ ਸਲਾਹ ਦਿੱਤੀ ਗਈ ਕਿ ਫ਼ਸਲ ਤੇ ਜ਼ਿਆਦਾ ਹਮਲੇ ਦੀ ਸੂਰਤ ਵਿੱਚ ਸੰਯੁਕਤ ਕੀਟ ਪ੍ਰਬੰਧਨ ਨੂੰ ਧਿਆਨ ਵਿੱਚ ਰੱਖਦਿਆ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਟਨਾਸ਼ਕਾਂ ਦੀ ਹੀ ਵਰਤੋਂ ਕੀਤੀ ਜਾਵੇ।

ਕੇ.ਵੀ.ਕੇ. ਟੀਮ ਵੱਲੋਂ ਕੈਂਪ ਦੌਰਾਨ ਖੇਤਾਂ ਦਾ ਦੌਰਾ ਕਰਦਿਆਂ ਕਿਸਾਨਾਂ ਨੂੰ ਸਮੇਂ-ਸਮੇਂ ਕੀੜੇ-ਮਕੌੜਿਆਂ ਦਾ ਸਰਵੇਖਣ ਕਰਨ ਅਤੇ ਪਛਾਣ ਕਰਨ ਬਾਰੇ ਸਿਖਲਾਈ ਦੇਣ ਦੇ ਨਾਲ-ਨਾਲ ਕਿਸਾਨਾਂ ਨੂੰ ਗੁਲਾਬੀ ਸੁੰਡੀ ਦਾ ਸਮੇਂ-ਸਿਰ ਪਤਾ ਲਾਉਣ ਲਈ ਫਿਰੋਮੋਨ ਟਰੈਪ ਦੀ ਵਰਤੋਂ ਬਾਰੇ ਵੀ ਜਾਣੂ ਕਰਾਇਆ ਗਿਆ ਅਤੇ ਫ੍ਰੀ ਟੈਪ ਵੀ ਮੁਹੱਈਆ ਕਰਵਾਏ ਗਏ।

 ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਰਾਮਗੜ੍ਹ ਭੂੰਦੜ, ਭਾਈ ਬਖਤੌਰ, ਚਨਾਰਥਲ, ਕੋਟਫੱਤਾ, ਯਾਤਰੀ, ਜੋਧਪੁਰ ਪਾਖਰ, ਕਟਾਰ ਸਿੰਘ ਵਾਲਾ, ਕੋਟ ਸ਼ਮੀਰ ਅਤੇ ਮਾਈਸਰਖਾਨਾ ਵਿਖੇ ਵੀ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ ਅਤੇ ਜਿੰਨ੍ਹਾਂ ਖੇਤਾਂ ਵਿੱਚ ਚਿੱਟੀ ਮੱਖੀ ਦੀ ਸੰਖਿਆ ਆਰਥਿਕ ਨੁਕਸਾਨ ਦੀ ਹੱਦ ਤੱਕ ਪਾਈ ਗਈ, ਉਨ੍ਹਾਂ ਖੇਤਾਂ ਵਿੱਚ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਿਫ਼ਾਰਿਸ਼ ਕੀਤੇ ਗਏ ਕੀਟਨਾਸ਼ਕ ਹੀ ਵਰਤਨ ਦੀ ਸਲਾਹ ਦਿੱਤੀ ਗਈ।