ਵਿਧਾਇਕ ਰਣਬੀਰ ਭੁੱਲਰ ਵੱਲੋਂ ਫ਼ਿਰੋਜ਼ਪੁਰ-ਜ਼ੀਰਾ ਸਟੇਟ ਹਾਈਵੇ-20 ‘ਤੇ ਸੜਕ ਦੀ ਉਸਾਰੀ ਦੀ ਸ਼ੁਰੂਆਤ

Ferozepur

ਫ਼ਿਰੋਜ਼ਪੁਰ, 10 ਜੁਲਾਈ 2024:

            ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਫ਼ਿਰੋਜ਼ਪੁਰ-ਜ਼ੀਰਾ ਸਟੇਟ ਹਾਈਵੇ-20 ਉੱਪਰ ਰੇਲਵੇ ਫਾਟਕ ਨਜ਼ਦੀਕ 400 ਮੀਟਰ ਸੜਕ ਦੇ ਸਟਰੈਚ ਦੀ ਮੁੜ ਉਸਾਰੀ ਦੇ ਕੰਮ ਦੀ ਸ਼ੁਰੂਆਤ ਆਪਣੇ ਕਰ ਕਮਲਾਂ ਨਾਲ ਕਰਵਾਈ। ਇਸ ਸੜਕ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ 57.83 ਲੱਖ ਰੁਪਏ ਦੀ ਰਾਸ਼ੀ ਮੰਜੂਰ ਕੀਤੀ ਗਈ ਹੈ।

            ਇਸ ਮੌਕੇ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸੜਕ ਦੀ ਉਸਾਰੀ ਦਾ ਕੰਮ ਤਿੰਨ ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੜਕ ‘ਤੇ ਰੇਲਵੇ ਫਾਟਕਾਂ ਨਜ਼ਦੀਕ ਭਾਰੀ ਆਵਾਜਾਈ ਨਾਲ ਖ਼ਰਾਬ ਹੋਏ 400 ਮੀਟਰ ਦੇ ਸਟਰੈਚ ਦਾ ਮੁੱੜ ਨਿਰਮਾਣ ਕੀਤਾ ਜਾਵੇਗਾ ਜਿਸ ਨਾਲ ਫ਼ਿਰੋਜ਼ਪੁਰ-ਜ਼ੀਰਾ ਸੜਕ ਸਟੇਟ ਹਾਈਵੇ-20 ‘ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਲੰਮੇ ਸਮੇਂ ਤੋਂ ਟ੍ਰੈਫਿਕ ਦੀ ਆਵਾਜਾਈ ਵਿੱਚ ਆ ਰਹੀਆਂ ਔਕੜਾਂ ਦੂਰ ਹੋਣਗੀਆਂ। ਇਸ ਮੌਕੇ ਉਨ੍ਹਾਂ ਵੱਲੋਂ ਸੜਕ ਨਿਰਮਾਣ ਦੇ ਕੰਮ ਦੀ ਗੁਣਵਤਾ ਅਤੇ ਇਸ ਨੂੰ ਸਮੇਂ ਸਿਰ ਮੁਕੰਮਲ ਕਰਨ ਬਾਰੇ ਵੀ ਸੰਬੰਧਿਤ ਮਹਿਕਮੇਂ ਨੂੰ ਹਦਾਇਤ ਕੀਤੀ ਗਈ।

            ਇਸ ਮੌਕੇ ਚੈਅਰਮੇਨ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਸ਼ਹਿਰ ਸ. ਬਲਰਾਜ ਸਿੰਘ ਕਟੋਰਾ, ਸ੍ਰੀ ਹਿਮਾਂਸੂ ਠੱਕਰ, ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਮਨਦੀਪ ਸਿੰਘ, ਉੱਪ ਮੰਡਲ ਇੰਜੀਨੀਅਰ ਸ੍ਰੀ ਨਵਦੀਪ ਸਿੰਗਲਾ, ਸ੍ਰੀ ਨੇਕ ਪ੍ਰਤਾਪ ਸਿੰਘ, ਸ੍ਰੀ ਅਮਰਿੰਦਰ ਬਰਾੜ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।