ਫਾਜ਼ਿਲਕਾ 10 ਜੁਲਾਈ 2024….
ਆਈਸੀਆਈਸੀਆਈ ਫਾਊਂਡੇਸ਼ਨ ਜੋ ਕਿ ਫਾਜ਼ਿਲਕਾ ਦੇ 16 ਸਰਹੱਦੀ ਪਿੰਡਾਂ ਵਿੱਚ ਕਈ ਵਿਕਾਸ ਦੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਦੀ ਸਹਿਮਤੀ ਲੈਣ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਨਾਲ ਇੱਕ ਮੀਟਿੰਗ ਕੀਤੀ।
ਆਈਸੀਆਈਸੀਆਈ ਫਾਊਂਡੇਸ਼ਨ ਦੇ ਅਧਿਕਾਰੀਆਂ ਤੋਂ ਡਿਪਟੀ ਕਮਿਸ਼ਨਰ ਨੇ ਸਮੁੱਚੇ ਕਾਰਜ ਦੀ ਰੂਪ ਰੇਖਾ ਬਾਰੇ ਜਾਣਿਆ ਤੇ ਸਮੁਚੇ ਵਿਕਾਸ ਪ੍ਰਾਜੈਕਟ ਤੇ ਆਪਣੀ ਸਹਿਮਤੀ ਜਤਾਈ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਈਸੀਆਈਸੀਆਈ ਫਾਊਂਡੇਸ਼ਨ ਜੋ ਕਿ ਇੱਕ ਸੀਐੱਸਆਰ ਵਿੰਗ ਹੈ ਵੱਲੋਂ ਫਾਜ਼ਿਲਕਾ ਬਾਰਡਰ ਏਰੀਏ ਦੇ 16 ਪਿੰਡਾਂ ਵਿੱਚ ਆਜੀਵਿਕਾ ਵਧਾਉਣ, ਸਵੱਛਤਾ, ਹੁਨਰ ਵਿਕਾਸ, ਤਲਾਬਾਂ ਦਾ ਪੁਨਰ ਸੁਰਜੀਤੀ ਅਤੇ ਪੀਣ ਯੋਗ ਪਾਣੀ ਦੀ ਵਿਵਸਥਾ ਆਦਿ ਸੁਵਿਧਾਵਾਂ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਉਣ ਦੀ ਯੋਜਨਾ ਹੈ।
ਉਨ੍ਹਾਂ ਦੱਸਿਆ ਕਿ ਆਈਸੀਆਈਸੀਆਈ ਫਾਊਂਡੇਸ਼ ਬੁਨਿਆਦੀ ਢਾਂਚੇ ਦੇ ਵਿਕਾਸ, ਪਾਣੀ ਦੀ ਸੰਭਾਲ ਅਤੇ ਏਕੀਕ੍ਰਿਤ ਪੇਂਡੂ ਵਿਕਾਸ ਪ੍ਰੋਜੈਕਟਾਂ ਨੂੰ ਅੰਜਾਮ ਦਿੰਦਾ ਹੈ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਪੇਂਡੂ ਖੇਤਰਾਂ ਦੇ ਜੀਵਨ ਪੱਧਰ ਤੇ ਆਰਥਿਕ ਸਮਰੱਥਾ ਨੂੰ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਇਹ 16 ਸਰਹੱਦੀ ਪਿੰਡ ਮੁਹਾਰ ਖੀਵਾ ਭਵਾਨੀ, ਮੁਹਾਰ ਸੋਨਾ, ਮੌਜ਼ਮ, ਮੁਹਾਰ ਜਮਸ਼ੇਰ, ਮੁਹਾਰ ਖੀਵਾ ਮਾਨਸਾ, ਨਵਾਂ ਮੌਜਮ, ਝੁੱਗੇ ਗੁਲਾਬ ਸਿੰਘ, ਘੜੁੰਮੀ, ਪੱਕਾ ਚਿਸਤੀ, ਕਬੂਲ ਸ਼ਾਹ ਹਿਠਾੜ, ਬੱਖੂ ਸ਼ਾਹ, ਮੁਹੰਮਦ ਅਮੀਰ, ਆਸਫ ਵਾਲਾ, ਮੁਹੰਮਦ ਬੀਰ, ਠਗਨੀ, ਵਿਸਾਖਾ ਵਾਲਾ ਖੂਹ ਹਨ, ਜਿਨ੍ਹਾਂ ਵਿੱਚ ਇਹ ਵਿਕਾਸ ਪ੍ਰਾਜੈਕਟ ਆਰੰਭੇ ਜਾਣਗੇ।