ਸੇਵਾ ਮੁਕਤ ਪੀ ਸੀ ਐਸ ਅਧਿਕਾਰੀ ਰਾਮ ਸਿੰਘ ਨੇ ਪਟਵਾਰ ਸਕੂਲ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

Moga

ਮੋਗਾ, 1 ਜੁਲਾਈ (000) – ਸੇਵਾ ਮੁਕਤ ਪੀ ਸੀ ਐਸ ਅਧਿਕਾਰੀ ਰਾਮ ਸਿੰਘ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚਲਾਏ ਜਾ ਰਹੇ ਸਰਕਾਰੀ ਪਟਵਾਰ ਸਕੂਲ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਇਸ ਸਕੂਲ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਅਤੇ ਸਟਾਫ਼ ਨਾਲ ਰੂਬਰੂ ਹੋਏ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਇਸ ਸਕੂਲ ਵਿੱਚ ਇਸ ਵੇਲੇ ਜ਼ਿਲ੍ਹਾ ਮੋਗਾ ਦੇ 25 ਅਤੇ ਜ਼ਿਲ੍ਹਾ ਮੋਗਾ ਦੇ 13 ਪਟਵਾਰੀ ਸਿਖਲਾਈ ਲੈ ਰਹੇ ਹਨ। ਇਹਨਾਂ ਪਟਵਾਰੀਆਂ ਦੀ ਸਿਖਲਾਈ 31 ਮਾਰਚ, 2025 ਤੱਕ ਚੱਲਣੀ ਹੈ। ਸਿਖਲਾਈ ਉਪਰੰਤ ਇਹਨਾਂ ਨੂੰ ਸੂਬੇ ਦੇ ਵੱਖ ਵੱਖ ਖੇਤਰਾਂ ਵਿਚ ਸੇਵਾਵਾਂ ਦੇਣ ਲਈ ਭੇਜਿਆ ਜਾਵੇਗਾ।

ਇਥੇ ਇਹ ਵੀ ਦੱਸਣਯੋਗ ਹੈ ਕਿ ਰਾਮ ਸਿੰਘ ਇਸ ਤੋਂ ਪਹਿਲਾਂ ਜ਼ਿਲ੍ਹਾ ਮੋਗਾ ਵਿੱਚ ਬਤੌਰ ਐੱਸ ਡੀ ਐਮ ਅਤੇ ਹੋਰ ਕਈ ਅਹੁਦਿਆਂ ਉੱਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਮਾਲ ਵਿਭਾਗ ਨਾਲ ਸਬੰਧਤ ਕੰਮਾਂ ਦਾ ਗਹਿਰਾ ਗਿਆਨ ਹੋਣ ਦੇ ਸਦਕਾ ਹੀ ਉਹਨਾਂ ਨੂੰ ਪ੍ਰਿੰਸੀਪਲ ਦੇ ਅਹੁਦੇ ਲਈ ਚੁਣਿਆ ਗਿਆ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਉਮੀਦ ਜਤਾਈ ਕਿ ਇਸ ਸਕੂਲ ਵਿਚ ਸਿਖਲਾਈ ਲੈਣ ਵਾਲੇ ਪਟਵਾਰੀ ਸਫਲਤਾਪੂਰਵਕ ਆਪਣੀ ਸਿਖਲਾਈ ਪੂਰੀ ਕਰਕੇ ਪੰਜਾਬ ਦੇ ਲੋਕਾਂ ਦੇ ਸੇਵਾ ਲਈ ਸਮਰਪਿਤ ਹੋਣਗੇ। ਰਾਮ ਸਿੰਘ ਨੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ।

ਇਸ ਮੌਕੇ ਜ਼ਿਲਾ ਮਾਲ ਅਫ਼ਸਰ ਸ਼੍ਰੀ ਲਕਸ਼ੇ ਕੁਮਾਰ, ਸਮੂਹ ਮਾਲ ਅਧਿਕਾਰੀ ਅਤੇ ਹੋਰ ਵੀ ਹਾਜ਼ਰ ਸਨ।