ਮਾਨ ਸਰਕਾਰ ਦਾ ਇੱਕ ਹੋਰ ਮਾਅਰਕਾ; ਪੰਜਾਬ ਦੀ ਲੀਚੀ ਦੀ ਪਹਿਲੀ ਖੇਪ ਇੰਗਲੈਂਡ ਲਈ ਕੀਤੀ ਐਕਸਪੋਰਟ

Punjab

ਚੰਡੀਗੜ੍ਹ, 30 ਜੂਨ:

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਮਾਅਰਕਾ ਮਾਰਦਿਆਂ ਪਹਿਲੀ ਵਾਰ ਸੂਬੇ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਐਕਸਪੋਰਟ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਬਾਗ਼ਬਾਨੀ ਵਿਭਾਗ ਵੱਲੋਂ ਖੇਤੀਬਾੜੀ ਅਤੇ ਪ੍ਰੋਸੈਸਡ ਫ਼ੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੇਡਾ) ਦੇ ਸਹਿਯੋਗ ਨਾਲ ਸੂਬੇ ਦੇ ਨੀਮ ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀ ਲੀਚੀ ਦੀ ਪਹਿਲੀ ਖੇਪ ਨੂੰ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਆਨਲਾਈਨ ਵਿਧੀ ਰਾਹੀਂ ਹਰੀ ਝੰਡੀ ਦੇ ਕੇ ਇੰਗਲੈਂਡ ਲਈ ਰਵਾਨਾ ਕੀਤਾ।

ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਵਿੱਚ ਕੁੱਲ 3250 ਹੈਕਟੇਅਰ ਰਕਬੇ ਵਿੱਚ ਲੀਚੀ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ ਕਰੀਬ 13000 ਮੀਟਰਕ ਟਨ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਲੀਚੀ ਲਈ ਅਨੁਕੂਲ ਵਾਤਾਵਰਣ ਹੋਣ ਕਾਰਨ ਇੱਥੋਂ ਦੀ ਲੀਚੀ ਦਾ ਕੁਦਰਤੀ ਗੂੜ੍ਹਾ ਲਾਲ ਰੰਗ ਅਤੇ ਮਿਠਾਸ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਹੀ ਵਧੀਆ ਹੈ।

ਬਾਗ਼ਬਾਨੀ ਮੰਤਰੀ ਨੇ ਕਿਹਾ ਕਿ ਲੀਚੀ ਦੀ ਪਹਿਲੀ ਖੇਪ ਇੰਗਲੈਂਡ (ਯੂ.ਕੇ.) ਲਈ ਐਕਸਪੋਰਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਸ਼ੇਸ ਉਪਰਾਲਿਆਂ ਰਾਹੀਂ ਲੀਚੀ ਦੇ ਬਾਗ਼ਬਾਨ ਐਕਸਪੋਰਟ ਜ਼ਰੀਏ ਹੋਰ ਵੱਧ ਮੁਨਾਫ਼ਾ ਕਮਾ ਸਕਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਾਗ਼ਬਾਨੀ ਵਿਭਾਗ ਅਤੇ ਅਪੇਡਾ ਦੇ ਸਹਿਯੋਗ ਨਾਲ ਬਾਗ਼ਬਾਨੀ ਦੀਆਂ ਹੋਰ ਫ਼ਸਲਾਂ ਨੂੰ ਵੀ ਵਿਦੇਸ਼ ਭੇਜਣ ਦੇ ਉਪਰਾਲੇ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਮੁਰਾਦਪੁਰ ਦੇ ਅਗਾਂਹਵਧੂ ਕਿਸਾਨ ਰਾਕੇਸ਼ ਡਡਵਾਲ ਦੀ ਲੀਚੀ ਦੀ ਉਪਜ ਅੰਮ੍ਰਿਤਸਰ ਤੋਂ ਇੰਗਲੈਂਡ ਲਈ ਭੇਜੀ ਗਈ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇ ਫਲਾਂ ਸਦਕਾ ਸੂਬੇ ਦਾ ਨਾਮ ਵਿਦੇਸ਼ ਦੀਆਂ ਅਹਿਮ ਮੰਡੀਆਂ ਵਿੱਚ ਸ਼ੁਮਾਰ ਹੋਵੇਗਾ ਅਤੇ ਲੀਚੀ ਦੇ ਕਾਸ਼ਤਕਾਰਾਂ ਦੀ ਪਛਾਣ ਵਿਦੇਸ਼ਾਂ ਤੱਕ ਬਣੇਗੀ।