ਫਾਜ਼ਿਲਕਾ 30 ਜੂਨ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਣ ਖੇਤੀ ਨੂੰ ਉਤਸਾਹਿਤ ਕਰਨ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਕਰੋਪ ਡਾਵਰਸੀਫਿਕੇਸ਼ਨ ਐਗਰੋ ਫੋਰੈਸਟਰੀ ਸਕੀਮ ਦੇ ਤਹਿਤ ਖੇਤਾਂ ਵਿੱਚ ਰੁੱਖ ਲਗਾਉਣ ਵਾਲੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ।
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਇਸ ਸਕੀਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸਾਨ ਆਪਣੇ ਖੇਤਾਂ ਵਿੱਚ ਰੁੱਖ ਲਗਾਉਂਦੇ ਹਨ ਤਾਂ ਉਨਾਂ ਨੂੰ ਸਫੈਦੇ ਦੇ ਰੁੱਖ ਲਗਾਉਣ ਲਈ ਪ੍ਰਤੀ ਪੌਦਾ 50 ਰੁਪਏ ਅਤੇ ਹੋਰ ਪ੍ਰਜਾਤੀਆਂ ਦੇ ਰੁੱਖ ਲਗਾਉਣ ਤੇ 60 ਰੁਪਏ ਪ੍ਰਤੀ ਪੌਦਾ ਤਿੰਨ ਸਾਲਾਂ ਵਿੱਚ ਦਿੱਤੇ ਜਾਂਦੇ ਹਨ।
ਉਹਨਾਂ ਨੇ ਆਖਿਆ ਕਿ ਇਹ ਰੁੱਖ ਪੂਰੇ ਖੇਤ ਵਿੱਚ ਵੀ ਲਗਾਏ ਜਾ ਸਕਦੇ ਹਨ ਅਤੇ ਖੇਤਾਂ ਦੀਆਂ ਵੱਟਾਂ ਖਾਲਿਆਂ ਤੇ ਵੀ ਲਗਾਏ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਫੈਦਾ ਲਗਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਪੌਦਾ ਪਹਿਲੇ ਸਾਲ 25 ਰੁਪਏ ਅਤੇ ਦੂਜੇ ਅਤੇ ਤੀਜੇ ਸਾਲੇ 12.50 ਰੁਪਏ (ਹਰੇਕ ਸਾਲ) ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਹੋਰ ਰੁੱਖ ਲਗਾਉਣ ਵਾਲੇ ਕਿਸਾਨਾਂ ਨੂੰ ਪਹਿਲੇ ਸਾਲ ਪ੍ਰਤੀ ਪੌਦਾ 30 ਰੁਪਏ ਅਤੇ ਦੂਜੇ ਅਤੇ ਤੀਜੇ ਸਾਲ ਦੌਰਾਨ 15-15 ਰੁਪਏ ਦਿੱਤੇ ਜਾਂਦੇ ਹਨ।
ਇਸ ਸਬਸਿਡੀ ਦਾ ਲਾਭ ਲੈਣ ਲਈ ਕਿਸਾਨ ਜੰਗਲਾਤ ਵਿਭਾਗ ਦੇ ਰੇਂਜ ਦਫਤਰਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਲਈ ਲੋੜੀਂਦੇ ਦਸਤਾਵੇਜ਼ ਖੇਤ ਦੀ ਜਮਾਬੰਦੀ, ਆਧਾਰ ਕਾਰਡ, ਮੋਬਾਇਲ ਨੰਬਰ, ਬੈਂਕ ਅਕਾਊਂਟ ਅਤੇ ਕਿਸਾਨ ਦੀ ਫੋਟੋ ਲੋੜੀਂਦੀ ਹੈ। ਦੂਜੇ ਅਤੇ ਤੀਜੇ ਸਾਲ ਕੇਵਲ ਜਿੰਦਾ ਰਹੇ ਰੁੱਖਾਂ ਦੀ ਹੀ ਪੈਸੇ ਮਿਲਣਗੇ।
ਇਸ ਲਈ ਸਫੈਦੇ ਤੋਂ ਬਿਨਾਂ ਬਾਕੀ ਪੌਦੇ ਨਰੇਗਾ ਨਰਸਰੀਆਂ ਤੋਂ ਅਧਾਰ ਕਾਰਡ ਦੀ ਕਾਪੀ ਤੇ ਮੁਫ਼ਤ ਵੀ ਲਏ ਜਾ ਸਕਦੇ ਹਨ।
ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਖੇਤਾਂ ਵਿੱਚ ਰੁੱਖ ਲਗਾਉਣ। ਉਹਨਾਂ ਨੇ ਕਿਹਾ ਕਿ ਰੁੱਖ ਲਗਾਉਣ ਨਾਲ ਸਾਡੇ ਵਾਤਾਵਰਨ ਨੂੰ ਲਾਭ ਹੁੰਦਾ ਹੈ ਅਤੇ ਰੁੱਖਾਂ ਤੋਂ ਕਿਸਾਨਾਂ ਦੀ ਆਮਦਨ ਵੀ ਵਧ ਸਕੇਗੀ ਕਿਉਂਕਿ ਉਹ ਇਸ ਤੋਂ ਲੱਕੜ ਵੇਚ ਸਕਣਗੇ