ਫਰੀਦਕੋਟ 28 ਜੂਨ () ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਸਾਲ 2024 ਦੌਰਾਨ ਚਲਾਏ ਸੈਂਟਰਾਂ ਰਾਹੀਂ ਜਵਾਹਰ ਨਵੋਦਿਆ ਸਕੂਲ ਲਈ ਕਾਮਯਾਬ ਹੋਏ 54 ਬੱਚਿਆਂ ਅਤੇ ਤਿਆਰੀ ਕਰਾਉਣ ਵਾਲੇ ਅਧਿਆਪਕਾ ਦਾ ਗੁਰਦੁਆਰਾ ਸਿੰਘ ਸਭਾ ਫਰੀਦਕੋਟ ਵਿਖ਼ੇ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਸਨਮਾਨ ਕੀਤਾ ਗਿਆ ।
ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸ. ਹਰਪਾਲ ਸਿੰਘ ਮੈਨੇਜਿੰਗ ਟਰੱਸਟੀ ਅਤੇ ਡਾਕਟਰ ਬੀ ਐਨ ਐਸ ਵਾਲੀਆ ਦੀ ਅਗਵਾਈ ਵਿੱਚ ਸੇਵਾ ਕਾਰਜ ਕਰ ਰਹੀ ਸੰਸਥਾ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਵਿਦਿਆ ਦੇ ਖੇਤਰ ਵਿੱਚ ਬਹੁਤ ਵੱਡਮੁਲਾ ਯੋਗਦਾਨ ਪਾ ਰਹੀ ਹੈ l ਉਨ੍ਹਾਂ ਸੰਸਥਾ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸਰਕਾਰ ਵਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ l
ਹਰਵਿੰਦਰ ਸਿੰਘ ਮਰਵਾਹ ਕੋਆਰਡੀਨੇਟਰ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਨਵੋਦਿਆ ਸਕੂਲ ਵਿੱਚ ਭੇਜਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ 12 ਕੋਚਿੰਗ ਸੈਂਟਰ ਮੁਫ਼ਤ ਚਲਾਏ ਗਏ ਸਨ l ਨਵੋਦਿਆ ਦੀਆਂ 80 ਸੀਟਾਂ ਵਿੱਚੋਂ 54 ਵਿਦਿਆਰਥੀ ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਚਲਾਏ ਕੋਚਿੰਗ ਸੈਂਟਰਾਂ ਵਿੱਚੋਂ ਸਫਲ ਹੋਏ ਹਨ l ਉਨ੍ਹਾਂ ਦੱਸਿਆ ਕਿ ਸੰਸਥਵਾ ਵੱਲੋਂ ਹੁਣ ਤੱਕ 1250 ਤੋਂ ਵੱਧ ਵਿਦਿਆਰਥੀ ਨਵੋਦਿਆ ਭੇਜੇ ਜਾ ਚੁੱਕੇ ਹਨ l
ਜਸਵਿੰਦਰ ਸਿੰਘ ਪਸਰੀਚਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਨਵੋਦਿਆ ਤੋਂ ਇਲਾਵਾ ਨੀਟ ਅਤੇ ਜੇ ਈ ਈ ਲਈ ਦੋ ਸਾਲ ਚੰਡੀਗੜ੍ਹ ਸੈਂਟਰ ਵਿੱਚ ਰੱਖ ਕੇ ਫ੍ਰੀ ਤਿਆਰੀ ਕਰਵਾਈ ਜਾਂਦੀ ਹੈ, ਹੁਣ ਤੱਕ 300 ਤੋਂ ਵੱਧ ਬੱਚੇ ਕਾਮਯਾਬੀ ਹਾਸਲ ਕਰ ਚੁੱਕੇ ਹਨ l ਨੌਵੀਂ ਅਤੇ ਦਸਵੀਂ ਦੀਆਂ ਕਲਾਸਾਂ ਦੀ ਤਿਆਰੀ ਆਨਲਾਈਨ ਕਰਵਾਈ ਜਾਂਦੀ ਹੈ l
ਇਸ ਮੌਕੇ ਤੇ ਜਿਲ੍ਹਾ ਸਿਖਿਆ ਅਫ਼ਸਰ ਪ੍ਰਦੀਪ ਦਿਓੜਾ,ਡਾਕਟਰ ਗੁਰਸੇਵਕ ਸਿੰਘ, ਪ੍ਰਿੰਸੀਪਲ ਦਲਬੀਰ ਸਿੰਘ, ਉਜਲ ਸਿੰਘ ਪ੍ਰਧਾਨ, ਮਨਦੀਪ ਸਿੰਘ ਸੁਪਰਵਾਈਜ਼ਰ, ਨਵਦੀਪ ਸਿੰਘ, ਨੈਬ ਸਿੰਘ ਹਾਜ਼ਰ ਸਨ l