ਆਲਮੀ ਤਪਸ਼ ਘਟਾਉਣ ਲਈ ਬੂਟੇ ਲਗਾਉਣੇ ਬਹੁਤ ਜ਼ਰੂਰੀ- ਵਧੀਕ  ਡਿਪਟੀ ਕਮਿਸ਼ਨਰ

S.A.S Nagar

ਐਸ.ਏ.ਐਸ. ਨਗਰ 28 ਜੂਨ:
ਆਲਮੀ ਤਪਸ਼ ਘਟਾਉਣ ਲਈ ਬੂਟੇ ਲਗਾਉਣੇ ਬਹੁਤ ਜ਼ਰੂਰੀ ਹਨ, ਇਸ ਲਈ ਚੌਗਿਰਦੇ ਨੂੰ ਹਰਿਆਂ ਭਰਿਆ ਬਣਾਉਣ ਲਈ ਵਾਤਾਵਰਨ ਪ੍ਰੇਮੀਆਂ ਦੀ ਮਦਦ ਨਾਲ ਹਰ ਰੋਜ਼ ਨਵੇਂ ਬੂਟੇ ਲਗਵਾਏ ਜਾ ਰਹੇ ਹਨ।
    ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ  (ਜ) ਸ਼੍ਰੀ ਵਿਰਾਜ ਐਸ. ਤਿੜਕੇ  ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਤਰਫ਼ੋਂ ਦੁਸਹਿਰੀ ਅੰਬ ਦੀ ਕਿਸਮ ਦਾ ਬੂਟਾ ਲਾਉਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਬਰਸਾਤਾਂ ਸ਼ੁਰੂ ਹੋਣ ਵਾਲੀਆ ਹਨ,ਇਸ ਲਈ ਬੂਟੇ ਲਗਾਉਂਣ ਲਈ ਬਹੁਤ ਲਾਹੇਵੰਦ ਸਮਾਂ ਹੈ। ਇਹ ਬੂਟੇ ਸਾਨੂੰ ਫਲ ਅਤੇ ਛਾਂ ਵੀ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ ਚ ਮਾਨਸੂਨ ਦੌਰਾਨ 2.08 ਲੱਖ ਬੂਟੇ ਲਾਉਣ ਦਾ ਟੀਚਾ ਗੈਰ ਜੰਗਲਾਤ ਜ਼ਮੀਨ ਤੇ ਲਾਉਣ ਦਾ ਮਿਥਿਆ ਗਿਆ ਹੈ।
     ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਸਾਰੇ ਹੀ ਵਾਤਾਵਰਨ ਨਾਲ ਛੇੜਛਾੜ ਦੇ ਸਿੱਟੇ ਵੱਜੋਂ ਵੱਖ-ਵੱਖ ਮੁਸ਼ਿਕਲਾਂ ਨੂੰ ਝੱਲ ਰਹੇ ਹਾਂ, ਇਨਸਾਨ ਨੇ ਆਪਣੇ ਨਿੱਜੀ ਸਵਾਰਥਾਂ ਲਈ ਜਿਥੇ ਕੁਦਰਤੀ ਸਾਧਨਾਂ ਨੂੰ ਤਹਿਸ ਨਹਿਸ ਕੀਤਾ ਉੱਥੇ ਧਰਤੀ ਮਾਤਾ ਨੂੰ ਵੀ ਜ਼ਹਿਰੀਲਾ, ਪਾਣੀ ਨੂੰ ਵੀ ਲੱਗਪਗ ਖਤਮ ਹੋਣ ਕਿਨਾਰੇ ਲਿਆ ਖੜ੍ਹਾ ਕੀਤਾ ਹੈ, ਨਤੀਜੇ ਵਜੋਂ ਸਾਹ ਲੈਣ ਲਈ ਹਵਾ ਵੀ ਦੂਸ਼ਿਤ ਹੋ ਗਈ ਹੈ, ਜੀਵਨ ਜਿਊਣਾ ਦੁੱਭਰ ਹੋ ਗਿਆ ਹੈ। ਧਰਤੀ ਤੇ ਜੀਵਨ ਸੰਭਵ ਤਾਂ ਹੀ ਹੋਵੇਗਾ ਜੇਕਰ ਅਸੀਂ ਸਾਰੇ ਧਰਤੀ, ਪਾਣੀ, ਹਵਾ ਪ੍ਰਤੀ ਸੁਚੇਤ ਹੋ ਕੇ ਵੱਧ ਤੋਂ ਵੱਧ ਬੂਟੇ ਲਗਾਵਾਂਗੇ।
    ਉਨ੍ਹਾਂ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਦਰੱਖਤ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਜਿਊਣਾ ਸੁਖਾਲਾ ਹੋ ਸਕੇ।            
     ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਹਰਬੰਸ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।