ਫਰੀਦਕੋਟ 26 ਜੂਨ () ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸਹੂਲਤ ਪ੍ਰਤੀ ਕੀਤੇ ਜਾ ਰਹੇ ਉਪਰਾਲਿਆਂ ਦਾ ਜਮੀਨੀ ਪੱਧਰ ਤੇ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਪਿੰਡ ਦੀਪ ਸਿੰਘ ਵਾਲਾ ਵਿਖੇ ਲਗਾਏ ਗਏ ਸੁਵਿਧਾ ਕੈਂਪ ਤੋਂ ਵਾਪਸੀ ਦੌਰਾਨ ਪਿੰਡ ਵਿੱਚ ਹੀ ਬਣੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ।
ਸਰਕਾਰ ਵੱਲੋਂ ਇਸ ਕਲੀਨਿਕ ਵਿੱਚ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਜਿੱਥੇ ਕਲੀਨਿਕ ਦੇ ਮੁਲਾਜਮ ਅਤੇ ਡਾਕਟਰ ਨਾਲ ਗੱਲਬਾਤ ਕਰਨ ਤੋਂ ਇਲਾਵਾ ਮੌਜੂਦ ਪਿੰਡ ਵਾਸੀਆਂ ਅਤੇ ਮਰੀਜਾਂ ਨਾਲ ਵੀ ਵਾਰਤਾਲਾਪ ਕੀਤੀ। ਉਨ੍ਹਾਂ ਸਾਰੇ ਕਲੀਨਿਕ ਦਾ ਦੌਰਾ ਕੀਤਾ ਅਤੇ ਕਮੀ ਪੇਸ਼ੀ ਬਾਰੇ ਗੱਲਬਾਤ ਕੀਤੀ। ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਇੱਕਤਰ ਕਰਦਿਆਂ ਕਮੀ ਪੇਸ਼ੀ ਸਬੰਧੀ ਮੁਸ਼ਕਿਲਾਂ ਅਤੇ ਇਸ ਵਿੱਚ ਹੋਰ ਸੁਧਾਰ ਲਿਆਉਣ ਲਈ ਸੁਝਾਅ ਮੰਗੇ।
ਰਿਕਾਰਡ ਦੀ ਮੇਨਟੇਨੈਂਸ, ਦਵਾਈਆਂ ਦੀ ਉਪਲਬਧਤਾ, ਮੁੱਢਲੀਆਂ ਸਹੂਲਤਾਂ, ਪੀਣ ਵਾਲੇ ਪਾਣੀ, ਪੱਖੇ, ਕੂਲਰ, ਏ.ਸੀ. ਆਦਿ ਸਬੰਧੀ ਵੀ ਉਨ੍ਹਾਂ ਜਾਣਕਾਰੀ ਇੱਕਤਰ ਕੀਤੀ। ਉਨ੍ਹਾਂ ਮੌਕੇ ਤੇ ਮੌਜੂਦ ਮੁਲਾਜਮਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕਲੀਨਿਕ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ, ਜਿਸ ਤਹਿਤ ਸਾਨੂੰ ਸਾਰਿਆਂ ਨੂੰ ਰਲ ਕੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ।
ਜਿਕਰਯੋਗ ਹੈ ਕਿ ਜਿਲ੍ਹੇ ਵਿੱਚ ਕੁੱਲ 16 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ। ਇਨ੍ਹਾਂ ਕਲੀਨਿਕਾਂ ਵਿੱਚ 600 ਤੋਂ 700 ਮਰੀਜ ਮਹੀਨੇ ਦੌਰਾਨ ਆਪਣਾ ਇਲਾਜ ਕਰਵਾਉਣ ਆਉਂਦੇ ਹਨ। ਇਨ੍ਹਾਂ ਕਲੀਨਿਕਾਂ ਵਿੱਚ ਫਾਰਮਸਿਸਟ, ਕਲੀਨਿਕ ਅਸਿਸਟੈਂਟ ਅਤੇ ਮੈਡੀਕਲ ਅਫਸਰ ਆਉਣ ਵਾਲੇ ਮਰੀਜਾਂ ਦਾ ਇਲਾਜ ਕਰਦੇ ਹਨ।