ਮੁੱਖ ਖੇਤੀਬਾੜੀ ਅਫਸਰ ਨੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਹਿੱਤ ਬੀਜ ਕੰਪਨੀਆਂ ਅਤੇ ਵਿਕਰੇਤਾਵਾਂ ਨਾਲ ਕੀਤੀ ਮੀਟਿੰਗ

Amritsar

ਅੰਮ੍ਰਿਤਸਰ 25 ਜੂਨ 2024–

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ. ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਤਜਿੰਦਰ ਸਿੰਘ ਵਲੋਂ ਖੇਤੀ ਭਵਨ ਅੰਮ੍ਰਿਤਸਰ ਵਿਖੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੱਕੀ ਹੇਠ ਰਕਬਾ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਸਬੰਧੀ ਮੱਕੀ ਬੀਜ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਜਿਲ੍ਹਾ ਅੰਮ੍ਰਿਤਸਰ ਦੇ ਬੀਜ ਵਿਕ੍ਰੇਤਾਵਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਓੁਹਨਾਂ ਸਾਉਣੀ ਮੱਕੀ ਹੇਠ ਰਕਬਾ ਵਧਾਉਣ ਲਈ ਮੱਕੀ ਦਾ ਕੁਆਲਿਟੀ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਕਿਹਾ ਅਤੇ ਸਮੂਹ ਬਲਾਕ ਖੇਤੀਬਾੜੀ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਜਮੀਨੀ ਪੱਧਰ `ਤੇ ਕਿਸਾਨਾਂ ਨੂੰ ਲੋੜੀਂਦੇ ਖੇਤੀ ਇੰਨਪੁਟ ਅਤੇ ਮੱਕੀ ਦੀ ਕਾਸ਼ਤ ਸਬੰਧੀ ਤਕਨੀਕੀ ਗਿਆਨ ਉਹਨ੍ਹਾਂ ਤੱਕ ਸਹੀ ਸਮੇਂ ਤੇ ਪੁੱਜਦਾ ਕਰਨ ਤਾਂ ਜੋ ਕਿਸਾਨ ਮੱਕੀ ਦੀ ਫਸਲ ਤੇ ਪੀ.ਏ.ਯੂ ਦੀਆਂ ਸਿਫਾਰਿਸ਼ਾਂ ਅਨੁਸਾਰ ਬੀਜ, ਖਾਦ ਅਤੇ ਦਵਾਈਆਂ ਦੀ ਸਹੀ ਵਰਤੋਂ ਕਰਨ ਵਿੱਚ ਸਮਰੱਥ ਹੋਣ ਅਤੇ ਮੱਕੀ ਦੀ ਖੇਤੀ ਹੋਰ ਲਾਹੇਵੰਦ ਹੋ ਸਕੇ।

ਮੁੱਖ ਖੇਤਬਾੜੀ ਅਫਸਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਸਾਲ ਕਿਸਾਨਾਂ ਨੂੰ ਮੱਕੀ ਦੇ ਬੀਜ ਤੇ 100 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਸਬਸਿਡੀ ਦਿੱਤੀ ਜਾਣੀ ਹੈ। ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ ਵੀਰਾਂ ਨੂੰ ਵਿਭਾਗ ਦੇ ਆਨਲਾਈਨ ਪੋਰਟਲ www.agrimachinerypb.com ਤੇ ਰਜਿਸਟਰ ਕਰਨਾ ਪਵੇਗਾ ਅਤੇ ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਦੇ ਮੱਕੀ ਬੀਜ ਦੀ ਸਬਸਿਡੀ ਲੈ ਸਕੇਗਾ। ਸਬਸਿਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪ੍ਰਮਾਣਤ ਕਿਸਮਾਂ ਜਿਵੇਂ ਕਿ ਪੀ.ਐਮ.ਐੱਚ 13, ਅਡਵਾਂਟਾ 9293, ਅਡਵਾਂਟਾ 764, ਪੀ 3302, ਲਕਸ਼ਮੀ 333, ਡੀ.ਕੇ.ਸੀ 9106, 9125, 9144, ਪੀ.ਐਮ.ਐੱਚ 2255 ਆਦਿ ਤੇ ਹੀ ਦਿੱਤੀ ਜਾਵੇਗੀ।

ਇਸ  ਮੌਕੇ ਡਾ. ਰਸ਼ਪਾਲ ਸਿੰਘ ਬੰਡਾਲਾ, ਖੇਤੀਬਾੜੀ ਵਿਕਾਸ ਅਫਸਰ (ਬੀਜ) ਅੰਮ੍ਰਿਤਸਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਅੰਮ੍ਰਿਤਸਰ ਅਧੀਨ ਕਿਸਾਨਾਂ ਦੇ ਖੇਤਾਂ ਵਿਚ ਮੱਕੀ ਦੇ 300 ਪ੍ਰਦਰਸ਼ਨੀ ਪਲਾਟ ਬਿਜਵਾਏ ਜਾਣਗੇ ਅਤੇ ਕਿਸਾਨਾਂ ਨੂੰ 6000 ਰੁਪਏ ਪ੍ਰਤੀ ਹੈਕਟੇਅਰ ਦੀ ਵਿੱਤੀ ਸਹਾਇਤਾ ਇੰਨਪੁੱਟਸ ਦੇ ਰੂਪ ਵਿਚ ਦਿੱਤੀ ਜਾਵੇਗੀ, ਪ੍ਰਦਰਸ਼ਨੀਆਂ ਲਈ ਵਰਤੇ ਜਾਣ ਵਾਲੇ ਇਨਪੁਟਸ, ਜਿਵੇਂ ਕਿ ਬੀਜ, ਨਦੀਨਨਾਸ਼ਕ, ਕੀਟਨਾਸ਼ਕ ਅਤੇ ਜ਼ਿੰਕ ਸਲਫੇਟ ਆਦਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਿਸ਼ਾਂ ਅਨੁਸਾਰ ਕਿਸਾਨਾ ਨੂੰ ਮੁਹੱਈਆ ਕਰਵਾਏ ਜਾਣਗੇ। ਕਿਸਾਨ ਵੱਲੋਂ ਆਪਣੀ ਪਸੰਦ ਅਨੁਸਾਰ ਡੀਲਰ ਤੋਂ ਆਪਣੇ ਪੱਧਰ ਤੇ ਇਨਪੁਟਸ ਖਰੀਦ ਕਰਕੇ ਖਰੀਦ ਬਿੱਲ ਸਬੰਧਤ ਬਲਾਕ ਪੱਧਰ ਤੇ ਖੇਤੀਬਾੜੀ ਵਿਭਾਗ ਦੇ ਦਫਤਰ ਵਿੱਖੇ ਜਮ੍ਹਾ ਕਰਵਾਇਆ ਜਾਵੇਗਾ। ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਾਣੀ ਦੀ ਬਚੱਤ ਲਈ ਝੋਨੇ ਹੇਠੋਂ ਰਕਬਾ ਘਟਾਇਆ ਜਾਵੇ ਅਤੇ ਮੱਕੀ ਦੀ ਕਾਸ਼ਤ ਕੀਤੀ ਜਾਵੇ, ਸਬਸਿਡੀ ਸੰਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਬਲਾਕ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੋਕੇ ਖੇਤੀਬਾੜੀ ਅਫਸਰ ਅਮਰਜੀਤ ਸਿੰਘ ਬੱਲ, ਰਮਨ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਡਾ. ਪਰਜੀਤ ਸਿੰਘ ਔਲਖ, ਗੁਰਪ੍ਰੀਤ ਸਿੰਘ ਔਲਖ, ਰਾਕੇਸ਼ ਮਦਾਨ, ਪ੍ਰਧਾਨ ਬੀਜ ਡੀਲਰ ਐਸੋਸੀਏਸ਼ਨ ਅੰਮ੍ਰਿਤਸਰ, ਰਾਜਪਾਲ ਸਿੰਘ, ਰਜੀਵ ਠਾਕੁਰ, ਦੀਪਕ ਜੈਨ, ਹਰਪ੍ਰੀਤ ਸਿੰਘ ਆਦਿ ਹਾਜਰ ਸਨ।