ਐੱਸ.ਏ.ਐੱਸ. ਨਗਰ, 24 ਜੂਨ, 2024:
ਐੱਸ.ਏ.ਐੱਸ. ਨਗਰ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਸ਼ਹਿਰ ਖ਼ਾਸ ਕਰਕੇ ਫੇਜ਼-5 ਅਤੇ ਫੇਜ਼-11 ਵਿਖੇ ਪਿਛਲੇ ਕਾਫ਼ੀ ਸਮੇਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਾਰਨ, ਬਰਸਾਤੀ ਪਾਣੀ ਹਰ ਸਾਲ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਇਸ ਦਾ ਹੱਲ ਕਰਨ ਦਾ ਬੀੜਾ ਚੁੱਕਦੇ ਹੋਏ ਅੱਜ ਸਟਾਰਮ ਵਾਟਰ ਪਾਈਪ ਲਾਈਨਾਂ ਦੀ ਸਫ਼ਾਈ ਲਈ ਤਿਆਰ 3.40 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਕੁੰਬੜਾਂ ਚੌਂਕ ਦੀ ਪਾਈਪ ਲਾਈਨ ਦੀ ਡੀ-ਸਿਲਟਿੰਗ ਦੀ ਸ਼ੁਰੂਆਤ ਕਰਵਾਈ।
ਹਲਕਾ ਵਿਧਾਇਕ ਵੱਲੋਂ ਨਗਰ ਨਿਗਮ, ਐੱਸ.ਏ.ਐੱਸ. ਨਗਰ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਵੱਖ—ਵੱਖ ਹਿੱਸਿਆਂ ਖਾਸ ਕਰਕੇ ਫੇਜ਼-1, ਫੇਜ਼-4, ਫੇਜ਼-5, ਫੇਜ਼-6, ਫੇਜ਼-7, ਸੈਕਟਰ-70, ਸੈਕਟਰ-71 ਅਤੇ ਫੇਜ਼-11 ਵਿੱਚ ਸਟਾਰਮ ਵਾਟਰ ਲਾਈਨਾਂ ਦੀ ਸਫ਼ਾਈ/ਡੀ-ਸਿੰਲਟਿੰਗ ਦਾ ਤਖ਼ਮੀਨਾ ਬਣਾਉਣ ਦੀ ਕੀਤੀ ਹਦਾਇਤ ਦੇ ਮੱਦੇਨਜ਼ਰ ਹੀ ਅੱਜ ਇਹ ਸਫ਼ਾਈ ਕਾਰਜ ਸ਼ੁਰੂ ਕੀਤੇ ਗਏ।
ਐਮ ਐਲ ਏ ਕੁਲਵੰਤ ਸਿੰਘ ਨੇ ਦੱਸਿਆ ਕਿ ਸਟਾਰਮ ਵਾਟਰ ਪਾਈਪ ਲਾਈਨ ਦੀ ਸਫ਼ਾਈ/ਡੀ-ਸਿੰਲਟਿੰਗ ਦਾ ਕੰਮ ਆਧੁਨਿਕ ਮਸ਼ੀਨਾਂ ਨਾਲ ਸ਼ੁਰੂ ਕਰਵਾਇਆ ਗਿਆ ਹੈ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਕਤ ਸਟਾਰਮ ਵਾਟਰ ਪਾਈਪ ਲਾਈਨ ਦੀ ਸਫ਼ਾਈ ਇੱਕ ਹਫ਼ਤੇ ਵਿੱਚ ਕਰਵਾ ਕੇ ਇਸ ਦੀ ਪ੍ਰਦਰਸ਼ਨੀ ਆਮ ਲੋਕਾਂ ਦੀ ਹਾਜ਼ਰੀ ਵਿੱਚ ਕੀਤੀ ਜਾਵੇ ਤਾਂ ਜੋ ਹੋਏ ਕੰਮ ਦਾ ਜਨਤਕ ਰਾਏ ਮੁਤਾਬਕ ਜਾਇਜ਼ਾ ਲਿਆ ਜਾ ਸਕੇ।
ਹਲਕਾ ਵਿਧਾਇਕ ਵੱਲੋਂ ਕਿਹਾ ਗਿਆ ਕਿ ਨਗਰ ਨਿਗਮ ਵੱਲੋਂ ਪਿਛਲੇ ਲਗਭਗ 3 ਸਾਲਾਂ ਤੋਂ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਸੱਮਸਿਆਵਾਂ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ, ਜਿਸ ਕਾਰਨ ਸ਼ਹਿਰ ਦੇ ਪਾਰਕਾਂ ਅਤੇ ਸ਼ਹਿਰ ਵਿੱਚ ਸਫ਼ਾਈ ਦੀ ਹਾਲਤ ਬਹੁਤ ਹੀ ਮਾੜੀ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਸ਼ਹਿਰ ਵਿੱਚ ਨਜਾਇਜ਼ ਕਬਜ਼ੇ ਹੋਣ ਨਾਲ ਲੋਕਾਂ ਦਾ ਸੜ੍ਹਕਾਂ ਤੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ ਪ੍ਰੰਤੂ ਉਹ ਸ਼ਹਿਰ ਵਾਸੀਆਂ ਦੀ ਹਰ ਸਮੱਸਿਆ ਦੇ ਹੱਲ ਲਈ ਵਚਨਬੱਧ ਹਨ ਅਤੇ ਕਿਹਾ ਕਿ ਸਟਾਰਮ ਵਾਟਰ ਪਾਈਪ ਲਾਈਨਾਂ ਦੀ ਵੱਡੇ ਪੱਧਰ ’ਤੇ ਸਫਾਈ ਹੋਣ ਨਾਲ, ਇਸ ਸਾਲ ਬਰਸਾਤੀ ਮੌਸਮ ਦੌਰਾਨ ਬਰਸਾਤੀ ਪਾਣੀ ਇੱਕਠਾ ਹੋਣ ਦੀ ਸਮੱਸਿਆ ਨਹੀ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਪੰਜਾਬ ਦੇ ਸਮੁੱਚੇ ਵਿਕਾਸ ਦੇ ਨਾਲ-ਨਾਲ ਐੱਸ.ਏ.ਅੱੈਸ. ਨਗਰ ਸ਼ਹਿਰ ਨੂੰ ਇੱਕ ਸੁੰਦਰ ਅਤੇ ਆਧੁਨਿਕ ਸ਼ਹਿਰ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਇਸ ਮੌਕੇ ਹਰਮੇਸ਼ ਸਿੰਘ ਕੁੰਬੜਾ, ਹਰਪਾਲ ਸਿੰਘ ਚੰਨਾ, ਨਰੇਸ਼ ਬੱਤਾ ਨਿਗਰਾਨ ਇੰਜੀਨੀਅਰ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਹਾਜ਼ਰ ਸਨ।