ਮਾਲ ਵਿਭਾਗ ਦੇ ਲੰਬਿਤ ਕੇਸਾਂ ਨੂੰ ਤਹਿ ਸਮੇਂ ਅਨੁਸਾਰ ਨਿਪਟਾਉਣਾ ਬਣਾਇਆ ਜਾਵੇ ਯਕੀਨੀ-ਜਸਪ੍ਰੀਤ ਸਿੰਘ

Bathinda

ਬਠਿੰਡਾ, 19 ਜੂਨ : ਮਾਲ ਵਿਭਾਗ ਦੇ ਲੰਬਿਤ ਪਏ ਕੇਸਾਂ ਨੂੰ ਪਹਿਲ ਦੇ ਆਧਾਰ ’ਤੇ ਤਹਿ ਸਮੇਂ ਅਨੁਸਾਰ ਨਿਪਟਾਉਣਾ ਯਕੀਨੀ ਬਣਾਇਆ ਜਾਵੇ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਮਹੀਨਾਵਾਰ ਬੈਠਕ ਦੌਰਾਨ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਦਿਸ਼ਾਂ-ਨਿਰਦੇਸ਼ ਦਿੰਦਿਆਂ ਕੀਤਾ।

ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਿਸ਼ਾਨਦੇਹੀਆਂ, ਤਕਸੀਮ ਕੇਸਾਂ, ਕੋਰਟ ਕੇਸਾਂ, ਪੜ੍ਹਤਾਲਾਂ ਦੇ ਲੰਬਿਤ ਕੇਸਾਂ ਨੂੰ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਸ ਜਸਪ੍ਰੀਤ ਸਿੰਘ ਨੇ ਕਿਹਾ ਕਿ ਮਾਲ ਵਿਭਾਗ ਦੇ ਕੰਮਾਂ ਅੰਦਰ ਬੇਲੋੜੀ ਦੇਰੀ ਤੇ ਢਿੱਲ-ਮੱਠ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਨਿਸ਼ਾਨਦੇਹੀ ਦੇ ਕੰਮਾਂ ਨੂੰ ਬਿਨਾਂ ਦੇਰੀ ਨਿਪਟਾਉਣ ਲਈ ਕਾਨੂੰਗੋਜ਼ ਨਾਲ ਸਮੀਖਿਆ ਮੀਟਿੰਗਾਂ ਕੀਤੀਆਂ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਰਿਕਵਰੀ ਕੇਸਾਂ ’ਚ ਤੇਜ਼ੀ ਲਿਆਉਣ ਦੀ ਵੀ ਹਦਾਇਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸਬੰਧਤ ਐਸ.ਡੀ.ਐਮਜ਼ ਦੀ ਅਦਾਲਤਾਂ ’ਚ ਚੱਲ ਰਹੇ ਝਗੜੇ ਵਾਲੇ ਇੰਤਕਾਲਾਂ ਦਾ ਪਹਿਲਕਦਮੀ ਨਾਲ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਾਰਟੀਸ਼ਨ ਦੇ ਕੇਸਾਂ ਦੀ ਪੈਂਡੇਸੀ ਨੂੰ ਜਲਦ ਤੋਂ ਜਲਦ ਨਿਪਟਾਉਣਾ ਯਕੀਨੀ ਬਣਾਇਆ ਜਾਣ। ਇਸ ਤੋਂ ਇਲਾਵਾ ਸ਼ਹਿਰੀ ਤੇ ਪੇਂਡੂ ਕੇਸਾਂ ਦੀ ਰਿਕਵਰੀ ਵੀ ਪਹਿਲ ਦੇ ਆਧਾਰ ’ਤੇ ਕਰਨੀ ਲਾਜ਼ਮੀ ਬਣਾਈ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਐਨਐਚਆਈ, ਮੇਰਾ ਘਰ ਮੇਰੇ ਨਾਮ, ਫ਼ਰਦ ਤੇ ਸੇਵਾ ਕੇਂਦਰਾਂ ਅਤੇ ਬੈਂਕਾਂ ਨਾਲ ਸਬੰਧਤ ਕੇਸਾਂ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਿਹਤ ਵਿਭਾਗ ਵਲੋਂ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਸਕੀਮਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਓਟ ਤੇ ਡਰੱਗ ਐਡੀਕਸ਼ਨ, ਆਮ ਆਦਮੀ ਕਲੀਨਿਕ, ਆਯੂਸ਼ਮਾਨ ਭਾਰਤ, ਸਿਵਲ ਵਰਕ, ਆਈਡੀਐਸਪੀ, ਐਨਟੀਈਪੀ, ਐਨਐਲਈਪੀ, ਡਰੱਗ, ਫੂਡ, ਇਮੂਨੀਜ਼ੇਸ਼ਨ, ਆਰਬੀਐਸਕੇ, ਐਨਯੂਐਚਐਮ, ਐਨਪੀਸੀਬੀ, ਮੈਟਰਨਲ ਹੈਲਥ, ਐਮਡੀਆਰ, ਪੀਐਨਡੀਟੀ, ਏਐਸਐਚਏ ਅਤੇ ਐਨਸੀਡੀ ਬਾਰੇ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਹਸਪਤਾਲਾਂ ਚ ਇਲਾਜ਼ ਕਰਵਾਉਣ ਲਈ ਆਉਣ ਵਾਲੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਸਮੱਸਿਆ ਦਰਪੇਸ਼ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਲੋਂ ਸਿਹਤ ਸਕੀਮਾਂ ਸਬੰਧੀ ਜੋ ਵੀ ਟੀਚੇ ਦਿੱਤੇ ਗਏ ਹਨ ਉਨ੍ਹਾਂ ਨੂੰ ਤਹਿ ਸਮੇਂ ਅਨੁਸਾਰ ਪੂਰਾ ਕਰਨਾ ਲਾਜ਼ਮੀ ਬਣਾਇਆ ਜਾਵੇ।  

ਇਸ ਮੌਕੇ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਸੰਭਾਵੀ ਫਲੱਡ ਅਤੇ ਬਰਸਾਤਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਆਗਾਊਂ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਸ਼ਹਿਰ ਅੰਦਰ ਨਗਰ ਨਿਗਮ ਵਿਭਾਗ ਨੂੰ ਆਪਣੇ ਪੰਪਾਂ ਨੂੰ ਚਾਲੂ ਸਥਿਤੀ ਵਿੱਚ ਤਿਆਰ ਰੱਖਣ, ਸਿਵਲ ਸਰਜਨ ਨੂੰ ਮੈਡੀਕਲ ਟੀਮਾਂ ਤੇ ਐਬੂਲੈਂਸ, ਐਨਡੀਆਰਐਫ ਨੂੰ ਲੋੜੀਂਦੀਆਂ ਕਿਸ਼ਤੀਆਂ ਤੇ ਟੀਮਾਂ ਆਦਿ ਤੋਂ ਇਲਾਵਾ ਹੋਰ ਸਬੰਧਤ ਵਿਭਾਗਾਂ ਨੂੰ ਆਪੋਂ-ਆਪਣੀਆਂ ਆਗਾਊਂ ਤਿਆਰੀਆਂ ਰੱਖਣ ਦੀ ਵੀ ਹਦਾਇਤ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਲਤੀਫ ਅਹਿਮਦ, ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਆਰਟੀਏ ਮੈਡਮ ਪੂਨਮ ਸਿੰਘ, ਐਸਡੀਐਮ ਬਠਿੰਡਾ ਮੈਡਮ ਇਨਾਯਤ, ਐਸਡੀਐਮ ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਜੱਸਲ, ਐਸਡੀਐਮ ਮੌੜ ਨਰਿੰਦਰ ਧਾਲੀਵਾਲ, ਐਸਡੀਐਮ ਰਾਮਪੁਰਾ ਸ਼੍ਰੀ ਕੰਵਰਜੀਤ ਸਿੰਘ ਮਾਨ, ਜ਼ਿਲ੍ਹਾ ਸਿਹਤ ਅਫਸਰ ਮੈਡਮ ਊਸ਼ਾ ਗੋਇਲ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀਮਤੀ ਅੰਕਿਤਾ ਅਗਰਵਾਲ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ, ਐਸਐਮਓਜ਼, ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੇ ਨੋਡਲ ਅਫਸਰ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।